ਪਾਕਿਸਤਾਨ ''ਚ ਸਿੱਖ ਭਾਈਚਾਰੇ ਨਾਲ ਵੱਡਾ ਧੱਕਾ

03/19/2017 5:14:43 PM

ਪੇਸ਼ਾਵਰ— ਪਾਕਿਸਤਾਨ ਦੀ ਕੌਮੀ ਮਰਦਮ ਸ਼ੁਮਾਰੀ ਵਿਚ ਸਿੱਖਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਸ਼ਨੀਵਾਰ ਨੂੰ ਪੇਸ਼ਾਵਰ ਵਿਚ ਸਿੱਖ ਭਾਈਚਾਰੇ ਦੇ ਆਗੂਆਂ ਨੇ ਸਰਕਾਰ ਦੇ ਇਸ ਫੈਸਲੇ ''ਤੇ ਨਿਰਾਸ਼ਾ ਪ੍ਰਗਟਾਈ। ਸਿੱਖਾਂ ਦਾ ਕਹਿਣਾ ਹੈ ਕਿ 19 ਸਾਲ ਬਾਅਦ ਦੇਸ਼ ਵਿਚ ਹੋ ਰਹੀ ਮਰਦਮ ਸ਼ੁਮਾਰੀ ਵਿਚ ਉਨ੍ਹਾਂ ਨੂੰ ਸ਼ਾਮਲ ਨਾ ਕੀਤਾ ਜਾਣਾ ਪਾਕਿਸਤਾਨ ਵਿਚ ਸਿੱਖਾਂ ਦੀ ਪ੍ਰਤੀਨਿਧਤਾ ਨੂੰ ਨਕਾਰਨਾ ਹੈ।
ਪਾਕਿਸਤਾਨ ਸਿੱਖ ਭਾਈਚਾਰੇ ਦੇ ਚੇਅਰਮੈਨ ਰਾਦੇਸ਼ ਸਿੰਘ ਟੋਨੀ ਨੇ ਪਾਕਿਸਤਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਨੂੰ ਮਰਦਮ ਸ਼ੁਮਾਰੀ ਵਿਚ ਸ਼ਾਮਲ ਨਹੀਂ ਕੀਤਾ, ਜੋ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਚਿੰਤਾ ਦਾ ਵਿਸ਼ਾ ਹੈ। ਰਾਦੇਸ਼ ਸਿੰਘ ਟੋਨੀ ਨੇ ਕਿਹਾ ਕਿ ਪਾਕਿਸਤਾਨ ਵਿਚ ਵੱਡੀ ਗਿਣਤੀ ਸਿੱਖ ਭਾਈਚਾਰਾ ਰਹਿੰਦਾ ਹੈ ਪਰ ਭਾਈਚਾਰੇ ਨੂੰ ਮਰਦਮ ਸ਼ੁਮਾਰੀ ਫਾਰਮ ਦੇ ਧਰਮ ਕਾਲਮ ਵਿਚ ਸ਼ਾਮਲ ਨਹੀਂ ਕੀਤਾ ਗਿਆ। 
ਉਨ੍ਹਾਂ ਦੱਸਿਆ ਕਿ ਇਸ ਫਾਰਮ ਵਿਚ ਸਿੱਖਾਂ ਦੀ ਗਿਣਤੀ ''ਅਦਰ'' (ਹੋਰ) ਧਰਮ ਕਾਲਮ ਵਿਚ ਕੀਤੀ ਜਾਵੇਗੀ, ਜੋ ਸਿੱਖਾਂ ਲਈ ਠੀਕ ਨਹੀਂ। ਇੱਥੇ ਦੱਸ ਦੇਈਏ ਕਿ 1947 ਦੀ ਵੰਡ ਤੋਂ ਬਾਅਦ ਬਹੁਤ ਸਾਰੇ ਸਿੱਖ ਪਾਕਿਸਤਾਨ ਤੋਂ ਭਾਰਤ ਵਿਚ ਆ ਗਏ ਪਰ ਵੀ ਵੱਡੀ ਗਿਣਤੀ ਵਿਚ ਸਿੱਖ ਪਾਕਿਸਤਾਨ ਵਿਚ ਰਹਿ ਗਏ। ਇਹਨਾਂ ਦੀ ਗਿਣਤੀ ਕਰੀਬ 20,000 ਹੈ। ਜ਼ਿਆਦਾਤਰ ਸਿੱਖ ਪਾਕਿਸਤਾਨ ਦੇ ਉੱਤਰੀ-ਪੱਛਮੀ ਇਲਾਕੇ ਵਿਚ ਰਹਿੰਦੇ ਹਨ।
ਦੂਜੇ ਪਾਸੇ ਇਸ ਮਾਮਲੇ ਸੰਬੰਧੀ ਜਦੋਂ ਪਾਕਿਸਤਾਨ ਦੇ ਮਰਦਮ ਸ਼ੁਮਾਰੀ ਵਿਭਾਗ ਦੇ ਬੁਲਾਰੇ ਹਬੀਉੱਲਾ ਖਾਨ ਨਾਲ ਇਸ ਮੁੱਦੇ ''ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਇਹ ਇਕ ਵੱਡੀ ਗਲਤੀ ਹੈ, ਇਸ ਨੂੰ ਸੁਧਾਰਿਆ ਜਾਵੇਗਾ। ਉਨ੍ਹਾਂ ਮੰਨਿਆ ਕਿ ਪਾਕਿਸਤਾਨ ਵਿਚ ਸਿੱਖ ਵੱਡੀ ਗਿਣਤੀ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮਰਦਮ ਸ਼ੁਮਾਰੀ ਫਾਰਮ ਦੀ ਛਪਾਈ 2007 ਵਿਚ ਹੋਈ ਸੀ। 120 ਮੈਂਬਰੀ ਤਕਨੀਕੀ ਕਮੇਟੀ ਦੀ ਸਿਫਾਰਸ਼ ''ਤੇ ਮਰਦਮ ਸ਼ੁਮਾਰੀ ਫਾਰਮ ਵਿਚ ਪੰਜ ਧਰਮਾਂ ਨੂੰ ਸ਼ਾਮਲ ਕੀਤਾ ਗਿਆ ਸੀ।

Kulvinder Mahi

News Editor

Related News