ਓਮੀਕਰੋਨ ਦਾ ਖ਼ੌਫ, ਅਮਰੀਕਾ ਨੇ ਭਾਰਤ ਸਮੇਤ ਹੋਰ ਦੇਸ਼ਾਂ ਦੇ ਯਾਤਰੀਆਂ ਲਈ ਨਵੇਂ ਨਿਰਦੇਸ਼ ਕੀਤੇ ਜਾਰੀ

Sunday, Dec 05, 2021 - 06:20 PM (IST)

ਓਮੀਕਰੋਨ ਦਾ ਖ਼ੌਫ, ਅਮਰੀਕਾ ਨੇ ਭਾਰਤ ਸਮੇਤ ਹੋਰ ਦੇਸ਼ਾਂ ਦੇ ਯਾਤਰੀਆਂ ਲਈ ਨਵੇਂ ਨਿਰਦੇਸ਼ ਕੀਤੇ ਜਾਰੀ

ਵਾਸ਼ਿੰਗਟਨ (ਭਾਸ਼ਾ)- ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਇੱਥੇ ਆਉਣ ਵਾਲੇ ਸਾਰੇ ਯਾਤਰੀਆਂ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਸ ਮੁਤਾਬਕ ਕੋਵਿਡ-19 ਦੀ ‘ਨੈਗੇਟਿਵ’ ਟੈਸਟ ਰਿਪੋਰਟ ਲਿਆਉਣ ਅਤੇ ਇਨਫੈਕਸ਼ਨ ਤੋਂ ਉਭਰਨ ਦਾ ਸਬੂਤ ਲਿਆਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਨਵਾਂ ਨਿਯਮ 6 ਦਸੰਬਰ ਤੋਂ ਲਾਗੂ ਹੋਵੇਗਾ। ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਅਧੀਨ ਆਉਣ ਵਾਲੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਇਹ ਜਾਣਕਾਰੀ ਦਿੱਤੀ। 

ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇੱਥੇ ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾਵਾਂ ਨੂੰ ਸੂਚਿਤ ਕੀਤਾ,"ਇਹ ਸੋਧਿਆ ਆਦੇਸ਼ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕਰਨ ਵਾਲੇ ਦੋ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ-19 ਟੈਸਟਿੰਗ ਨੂੰ ਲਾਜ਼ਮੀ ਬਣਾਉਂਦਾ ਹੈ।" ਕਿਸੇ ਵੀ ਦੇਸ਼ ਤੋਂ ਅਮਰੀਕਾ ਲਈ ਰਵਾਨਾ ਹੋਣ ਵਾਲੇ ਜਹਾਜ਼ਾਂ ਲਈ ਜਾਰੀ ਇਸ ਨਵੇਂ ਸੋਧੇ ਆਦੇਸ਼ ਮੁਤਾਬਕ ਯਾਤਰੀਆਂ ਨੂੰ ਯਾਤਰਾ ਤੋਂ ਵੱਧ ਤੋਂ ਵੱਧ ਇੱਕ ਦਿਨ ਪਹਿਲਾਂ ਇੱਕ 'ਨੈਗੇਟਿਵ' ਟੈਸਟ ਰਿਪੋਰਟ ਦਿਖਾਉਣੀ ਪਵੇਗੀ ਜਾਂ ਉਨ੍ਹਾਂ ਨੂੰ ਯਾਤਰਾ ਤੋਂ 90 ਦਿਨ ਪਹਿਲਾਂ ਕੋਵਿਡ-19 ਤੋਂ ਉਭਰਨ ਦਾ ਸਬੂਤ ਦੇਣਾ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ 10 ਸੂਬਿਆਂ ’ਚ ਪਹੁੰਚਿਆ ਓਮੀਕ੍ਰੋਨ

ਅਮਰੀਕਾ ਦੇ ਨਿਊਯਾਰਕ 'ਚ ਸ਼ਨੀਵਾਰ ਨੂੰ ਓਮੀਕਰੋਨ ਇਨਫੈਕਸ਼ਨ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਅਤੇ ਇਸ ਨਾਲ ਸੂਬੇ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ ਅੱਠ ਹੋ ਗਈ। ਇਸ ਤੋਂ ਇਲਾਵਾ ਅਮਰੀਕਾ ਵਿਚ ਉਨ੍ਹਾਂ ਰਾਜਾਂ ਦੀ ਗਿਣਤੀ ਵੱਧ ਗਈ ਹੈ ਜਿੱਥੇ ਓਮੀਕਰੋਨ ਇਨਫੈਕਸ਼ਨ ਦੇ ਪਹਿਲੇ ਮਾਮਲੇ ਸਾਹਮਣੇ ਆਏ ਹਨ। ਨਿਊਯਾਰਕ ਦੀ ਹੈਲਥ ਕਮਿਸ਼ਨਰ ਮੈਰੀ ਬਾਸੈਟ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਓਮੀਕਰੋਨ ਦੀ ਲਾਗ ਇੱਥੇ ਫੈਲ ਗਈ ਹੈ ਅਤੇ ਜਿਵੇਂ ਕਿ ਖਦਸ਼ਾ ਸੀ, ਅਸੀਂ ਹੁਣ ਕਮਿਊਨਿਟੀ ਵਿੱਚ ਲਾਗ ਦੇ ਫੈਲਣ ਨੂੰ ਦੇਖ ਰਹੇ ਹਾਂ। ਅਮਰੀਕਾ ਦੇ ਮੈਸਾਚੁਸੇਟਸ ਅਤੇ ਵਾਸ਼ਿੰਗਟਨ ਵਿਚ ਸ਼ਨੀਵਾਰ ਨੂੰ ਪਹਿਲੀ ਵਾਰ ਓਮੀਕਰੋਨ ਇਨਫੈਕਸ਼ਨ ਦੇ ਮਾਮਲੇ ਪਾਏ ਗਏ। ਇਸ ਤੋਂ ਇੱਕ ਦਿਨ ਪਹਿਲਾਂ ਨਿਊਜਰਸੀ, ਜਾਰਜੀਆ, ਪੈਨਸਿਲਵੇਨੀਆ ਅਤੇ ਮੈਰੀਲੈਂਡ ਵਿੱਚ ਸ਼ੁੱਕਰਵਾਰ ਨੂੰ ਪਹਿਲੀ ਵਾਰ ਕੋਵਿਡ-19 ਦੇ ਇਸ ਰੂਪ ਨਾਲ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਸਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News