ਪੁਤਿਨ ਨੂੰ ਮਿਲੇ NSA ਡੋਭਾਲ, ਰੂਸੀ ਰਾਸ਼ਟਰਪਤੀ ਨੇ PM ਮੋਦੀ ਨੂੰ BRICS ਸੰਮੇਲਨ ਲਈ ਦਿੱਤਾ ਸੱਦਾ

Thursday, Sep 12, 2024 - 10:09 PM (IST)

ਪੁਤਿਨ ਨੂੰ ਮਿਲੇ NSA ਡੋਭਾਲ, ਰੂਸੀ ਰਾਸ਼ਟਰਪਤੀ ਨੇ PM ਮੋਦੀ ਨੂੰ BRICS ਸੰਮੇਲਨ ਲਈ ਦਿੱਤਾ ਸੱਦਾ

ਇੰਟਰਨੈਸ਼ਨਲ ਡੈਸਕ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੇਂਟ ਪੀਟਰਸਬਰਗ ਦੇ ਕੋਨਸਟੈਂਟਿਨੋਵਸਕੀ ਪੈਲੇਸ 'ਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਗੱਲਬਾਤ ਦੌਰਾਨ ਪੁਤਿਨ ਨੇ ਭਾਰਤ ਅਤੇ ਰੂਸ ਵਿਚਾਲੇ ਰਣਨੀਤਕ ਸਾਂਝੇਦਾਰੀ ਦੇ ਵਿਕਾਸ 'ਤੇ ਚਰਚਾ ਕੀਤੀ। ਦੁਵੱਲੇ ਸਬੰਧਾਂ ਵਿੱਚ ਸੁਰੱਖਿਆ ਮੁੱਦਿਆਂ ਦੇ ਮਹੱਤਵ ਉੱਤੇ ਵੀ ਜ਼ੋਰ ਦਿੱਤਾ। ਪੁਤਿਨ ਨੇ ਇਸ ਖੇਤਰ ਵਿੱਚ ਗੱਲਬਾਤ ਨੂੰ ਬਰਕਰਾਰ ਰੱਖਣ ਲਈ ਭਾਰਤ ਦਾ ਧੰਨਵਾਦ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਯੂਕਰੇਨ ਵਿਵਾਦ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ, ਐੱਨਐੱਸਏ ਅਜੀਤ ਡੋਭਾਲ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਹ ਬੈਠਕ ਬ੍ਰਿਕਸ (ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ) ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਕਾਨਫਰੰਸ ਦੌਰਾਨ ਹੋਈ।

ਇਸ ਦੌਰਾਨ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਮਹੀਨੇ ਰੂਸ ਦੇ ਕਜ਼ਾਨ 'ਚ ਹੋਣ ਵਾਲੇ ਬ੍ਰਿਕਸ ਸੰਮੇਲਨ ਲਈ ਰੂਸ ਆਉਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਰੂਸੀ ਰਾਸ਼ਟਰਪਤੀ ਨੇ 22 ਅਕਤੂਬਰ ਨੂੰ ਬ੍ਰਿਕਸ ਸੰਮੇਲਨ ਦੌਰਾਨ ਪੀਐੱਮ ਮੋਦੀ ਨਾਲ ਦੁਵੱਲੀ ਮੁਲਾਕਾਤ ਦਾ ਪ੍ਰਸਤਾਵ ਵੀ ਰੱਖਿਆ। ਰੂਸੀ ਮੀਡੀਆ ਨੇ ਪੁਤਿਨ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਆਪਣੇ ਚੰਗੇ ਦੋਸਤ ਪੀਐੱਮ ਮੋਦੀ ਦਾ ਇੰਤਜ਼ਾਰ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ। ਇਸ 'ਤੇ NSA ਅਜੀਤ ਡੋਭਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਧੰਨਵਾਦ ਪ੍ਰਗਟ ਕੀਤਾ।

ਇਸ ਤੋਂ ਪਹਿਲਾਂ ਅਜੀਤ ਡੋਵਾਲ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਸ਼ੋਇਗੂ ਨਾਲ ਵਿਆਪਕ ਗੱਲਬਾਤ ਕੀਤੀ ਅਤੇ ਆਪਸੀ ਹਿੱਤਾਂ ਦੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ। ਡੋਭਾਲ ਅਤੇ ਸ਼ੋਇਗੂ ਵਿਚਾਲੇ ਹੋਈ ਗੱਲਬਾਤ 'ਤੇ ਰੂਸ 'ਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਦੋਹਾਂ ਪੱਖਾਂ ਨੇ ਦੁਵੱਲੇ ਸਹਿਯੋਗ 'ਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਆਪਸੀ ਹਿੱਤ ਦੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ। ਡੋਭਾਲ ਦੀ ਰੂਸ ਯਾਤਰਾ ਪ੍ਰਧਾਨ ਮੰਤਰੀ ਮੋਦੀ ਦੇ ਯੂਕਰੇਨ ਦੌਰੇ ਤੋਂ ਢਾਈ ਹਫ਼ਤਿਆਂ ਬਾਅਦ ਹੋਈ ਹੈ।

ਦੱਸ ਦਈਏ ਕਿ ਜ਼ੈਲੇਂਸਕੀ ਨਾਲ ਗੱਲਬਾਤ ਦੌਰਾਨ ਪੀਐੱਮ ਮੋਦੀ ਨੇ ਕਿਹਾ ਸੀ ਕਿ ਯੂਕਰੇਨ ਅਤੇ ਰੂਸ ਦੋਵਾਂ ਨੂੰ ਜੰਗ ਨੂੰ ਖਤਮ ਕਰਨ ਲਈ ਬਿਨਾਂ ਸਮਾਂ ਬਰਬਾਦ ਕੀਤੇ ਇਕੱਠੇ ਬੈਠਣਾ ਚਾਹੀਦਾ ਹੈ ਅਤੇ ਭਾਰਤ ਖੇਤਰ ਵਿੱਚ ਸ਼ਾਂਤੀ ਬਹਾਲ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਸ਼ਾਂਤੀ ਦੇ ਪੱਖ ਵਿੱਚ ਰਿਹਾ ਹੈ ਅਤੇ ਉਹ ਸੰਕਟ ਦੇ ਸ਼ਾਂਤੀਪੂਰਨ ਹੱਲ ਲਈ ਨਿੱਜੀ ਤੌਰ 'ਤੇ ਯੋਗਦਾਨ ਪਾਉਣਾ ਚਾਹੇਗਾ।


author

Baljit Singh

Content Editor

Related News