ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਪ੍ਰਵਾਸੀ ਕਾਂਗਰਸ ਸਮਰਥਕ ਬਾਗੋਬਾਗ
Friday, Sep 24, 2021 - 12:43 PM (IST)
ਰੋਮ (ਕੈਂਥ)- ਕੈਪਟਨ ਅਮਰਿੰਦਰ ਸਿੰਘ ਦੇ ਬਾਅਦ ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਵਜੋਂ ਹੋਈ ਨਿਯੁਕਤੀ ਨੂੰ ਕਾਂਗਰਸ ਸਮਰਥਕ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼ੁੱਭ ਸੰਦੇਸ਼ ਮੰਨ ਰਹੇ ਹਨ। ਪ੍ਰਵਾਸੀ ਕਾਂਗਰਸੀ ਸਮਰਥਕਾਂ ਦਾ ਮੰਨਣਾ ਹੈ ਕਿ ਕਾਂਗਰਸ ਹਾਈ ਕਮਾਂਡ ਦੇ ਇਸ ਫ਼ੈਸਲੇ ਨਾਲ ਜਿੱਥੇ ਕੈਪਟਨ ਦੇ ਜੋੜੀਦਾਰ ਮੋਦੀ-ਸ਼ਾਹ ਜੁੰਡਲੀ ਤਿਲਮਿਲਾ ਕੇ ਰਹਿ ਗਈ ਗਈ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦੇ ਕਿਸੇ ਆਮ ਬੰਦੇ ਨੂੰ ਮੁੱਖ ਮੰਤਰੀ ਬਣਾਉਣ ਦੇ ਦਾਅਵੇ ਵੀ ਚਕਨਾਚੂਰ ਹੋ ਗਏ ਹਨ।
ਕਿਉਂਕਿ ਚੰਨੀ ਇਕ ਆਮ ਘਰ ਦਾ ਪੁੱਤਰ ਅਤੇ ਪੜ੍ਹਿਆ ਲਿਖਿਆ ਨੌਜਵਾਨ ਹੈ। ਭਾਜਪਾ ਨਾਲੋਂ ਮਜਬੂਰੀ ਵੱਸ ਅੱਡ ਹੋ ਕੇ ਬਸਪਾ ਨਾਲ ਸਾਂਝ ਪਾ ਅਗਲੀ ਸਰਕਾਰ ਬਣਾਉਣ ਦੇ ਸੁਫ਼ਨੇ ਦੇਖ ਰਹੇ ਆਕਾਲੀ ਦਲ ਲਈ ਵੀ ਹੁਣ ਮੁਸ਼ਕਲ ਹੋ ਜਾਵੇਗਾ, ਕਿਉਂਕਿ ਅਕਾਲੀ ਦਲ ਬਾਦਲ ਪਰਿਵਾਰ ਤੋਂ ਇਲਾਵਾ ਕਿਸੇ ਹੋਰ ਨੂੰ ਸੂਬੇ ਦੀ ਜਾਂ ਪਾਰਟੀ ਦੀ ਜਾਂ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਦੇਣ ਤੋਂ ਹਮੇਸ਼ਾ ਹੀ ਡਰਦਾ ਰਿਹਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਤੇ ਇੰਡੀਅਨ ਓਵਰਸੀਜ਼ ਯੂਥ ਕਾਂਗਰਸ ਯੂਰਪ ਦੇ ਪ੍ਰਧਾਨ ਸ੍ਰੀ ਤੀਰਥ ਰਾਮ, ਯੂਰਪੀਨ ਯੁਨਿਟ ਦੇ ਸਮੂਹ ਮੈਬਰਾਂ ਅਤੇ ਅਹੁਦੇਦਾਰਾਂ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਨਵੇਂ ਮੁੱਖ ਮੰਤਰੀ ਚੰਨੀ ਦੀ ਲਿਆਕਤ ਨਾਲ ਪੰਜਾਬ ਖੁਬ ਤਰੱਕੀ ਕਰੇਗਾ ਤੇ ਅਗਲੀ ਸਰਕਾਰ ਵੀ ਕਾਂਗਰਸ ਦੀ ਹੀ ਹੋਵੇਗੀ।