ਮਰਹੂਮ ਸਿੱਧੂ ਮੂਸੇ ਵਾਲਾ ਦੇ ਕਤਲ ਕਾਰਨ ਪੰਜਾਬ ਨਹੀਂ ਆਉਣਾ ਚਾਹੁੰਦੇ ਪ੍ਰਵਾਸੀ ਭਾਰਤੀ 'ਬੱਚੇ'

Sunday, Jun 12, 2022 - 10:13 AM (IST)

ਰੋਮ (ਕੈਂਥ): ਪੰਜਾਬ ਦੀ ਧਰਤੀ 'ਤੇ ਦਹਿਸ਼ਤਗਰਦਾਂ ਵੱਲੋਂ ਚਿੱਟੇ ਦਿਨ ਕਤਲ ਕੀਤੇ ਗਏ ਪੰਜਾਬ ਦੇ ਪ੍ਰਸਿੱਧ ਗਾਇਕ ਸੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਚੁਫੇਰੇ ਜਿੱਥੇ ਸੋਗ ਦੀ ਲਹਿਰ ਛਾਈ ਹੋਈ ਹੈ ਉੱਥੇ ਹੀ ਲੋਕਾਂ ਵੱਲੋਂ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸ਼ਨ ਨੂੰ ਰੱਜ ਕੇ ਕੋਸਿਆ ਵੀ ਜਾ ਰਿਹਾ ਹੈ, ਜਿਹਨਾਂ ਦੀ ਅਣਗਿਹਲੀ ਨਾਲ ਇਹ ਦੁਖਾਂਦ ਵਾਪਰਿਆ।ਕਾਰਨ ਚਾਹੇ ਕੁਝ ਵੀ ਰਹੇ ਹੋ ਪਰ ਬੁੱਢੇ ਮਾਪਿਆਂ ਦਾ ਇੱਕਲੌਤਾ ਪੁੱਤ ਸਹਾਰਾ ਖੋਹਣਾ ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਦਾ ਕਲੇਜਾ ਚੀਰਦਾ ਹੈ।ਮਰਹੂਮ ਸਿੱਧੂ ਮੂਸੇਵਾਲੇ ਨੂੰ ਚਾਹੁੰਣ ਵਾਲੇ ਪੂਰੀ ਦੁਨੀਆ ਵਿੱਚ ਵੱਡੀ ਤਦਾਦ ਵਿੱਚ ਹਨ ਤੇ ਦੁਨੀਆ ਭਰ ਵਿੱਚ ਉਸ ਦੀ ਬੇਵਕਤੀ ਮੌਤ 'ਤੇ ਲੋਕਾਂ ਵੱਲੋਂ ਉਸ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

ਇਟਲੀ ਦੇ ਸੂਬੇ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਮਰਹੂਮ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਭਾਰਤੀ ਭਾਈਚਾਰੇ ਵੱਲੋਂ ਕੈਂਡਲ ਮਾਰਚ ਕੱਢਦਿਆਂ ਉਸ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ ਅਤੇ ਨਾਲ ਹੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਉਸ ਦੀ ਮੌਤ ਦੇ ਜਿੰਮੇਵਾਰ ਲੋਕਾਂ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਪ੍ਰਵਾਸੀ ਭਾਰਤੀ ਖਾਸਕਰ ਬੱਚਿਆਂ ਅੰਦਰ ਇੱਕ ਅਜੀਬ ਤਰ੍ਹਾਂ ਦਾ ਡਰ ਹੈ ਜਿਸ ਕਾਰਨ ਬੱਚੇ ਪੰਜਾਬ ਜਾਣ ਤੋਂ ਕੰਨੀ ਕਤਰਾ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ’ਚ ਸਿੱਧੂ ਮੂਸੇ ਵਾਲਾ ਦਾ ਬਣੇਗਾ ਵੱਡਾ ਚਿੱਤਰ, ਵਾਕ ਆਫ ਫੇਮ ’ਚ ਸ਼ਾਮਲ ਕਰਨ ’ਤੇ ਵਿਚਾਰ

ਵਿਦੇਸ਼ਾਂ ਵਿੱਚ ਜੰਮੇ ਭਾਰਤੀ ਬੱਚੇ ਤਾਂ ਪਹਿਲਾਂ ਹੀ ਭਾਰਤਤੇ ਪੰਜਾਬ ਵਿੱਚ ਘਟ ਰਹੀਆਂ ਅਣਸੁਖਾਵੀਆਂ ਘਟਨਾਵਾਂ ਕਾਰਨ ਭਾਰਤ ਜਾਣ ਤੋਂ ਪਾਸਾ ਵੱਟੀ ਬੈਠੇ ਹਨ ਤੇ ਹੁਣ ਸਿੱਧੂ ਮੂਸੇ ਵਾਲੇ ਦੀ ਮੌਤ ਵਾਲੀ ਵਾਰਦਾਤ ਨਾਲ ਇਹਨਾਂ ਬੱਚਿਆਂ ਵਿੱਚ ਹੋਰ ਵੀ ਜ਼ਿਆਦਾ ਡਰ ਦਿਲਾਂ ਵਿੱਚ ਘਰ ਕਰ ਗਿਆ ਹੈ ਜਿਹੜਾ ਕਿ ਮਾਪਿਆਂ ਲਈ ਬਹੁਤ ਹੀ ਪ੍ਰੇਸ਼ਾਨੀ ਦਾ ਸਵੱਬ ਬਣ ਰਿਹਾ ਹੈ।ਮਾਪੇ ਆਪਣੇ ਸਾਕ ਸੰਬਧੀਆਂ ਨੂੰ ਮਿਲਣ ਭਾਰਤ ਜਾਣਾ ਚਾਹੁੰਦੇ ਹਨ ਪਰ ਬੱਚੇ ਨਾਹ-ਨੁੱਕਰ ਕਰ ਰਹੇ ਹਨ।ਅਜਿਹੀ ਸਥਿਤੀ ਵਿੱਚ ਪ੍ਰਵਾਸੀ ਭਾਰਤੀ ਮਾਪੇ ਕਿੱਥੇ ਜਾਣ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ।ਇਸ ਮੌਕੇ ਇਟਲੀ ਦੇ ਪ੍ਰਵਾਸੀ ਭਾਰਤੀਆਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਸਰਕਾਰ ਦੇਸ਼ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਜਲਦ ਸਥਿਰ ਕਰਨ ਤਾਂ ਜੋ ਉਹ ਬਿਨ੍ਹਾਂ ਕਿਸੇ ਸੰਕੋਚ ਤੇ ਡਰ ਤੋਂ ਉਹ ਪੰਜਾਬ ਆ ਸਕਣ।ਇਸ ਮੌਕੇ ਹਾਜ਼ਰ ਭਾਰਤੀਆਂ ਨੇ ਸਿੱਧੂ ਮੂਸੇ ਵਾਲੇ ਦੀ ਮੌਤ ਨਾਲ ਪੰਜਾਬੀ ਸੰਗੀਤ ਨੂੰ ਕਦੇਂ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆ ਕਿਹਾ ਕਿ ਮਰਹੂਮ ਮੂਸੇ ਵਾਲਾ ਲੋਕਾਂ ਦੇ ਦਿਲਾਂ ਵਿੱਚ ਸਦਾ ਹੀ ਅਮਰ ਰਹੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News