ਇਟਲੀ ਦੀ ਸਿਆਸਤ 'ਚ ਅਹਿਮ ਭੂਮਿਕਾ ਨਿਭਾਉਣਗੇ ਸਿੱਖ ਚਿਹਰੇ,ਚੋਣ ਮੈਦਾਨ 'ਚ ਨਿੱਤਰੇਗਾ ਇਹ ਨੌਜਵਾਨ
Saturday, Dec 03, 2022 - 11:16 AM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਅਮਰੀਕਾ, ਕੈਨੇਡਾ ,ਇੰਗਲੈਂਡ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਸਿੱਖ ਆਗੂਆਂ ਦੀ ਸਿਆਸੀ ਅਹਿਮੀਅਤ ਨੂੰ ਵੇਖਦੇ ਹੋਏ ਯੂਰਪ ਦੇ ਕਈ ਦੇਸ਼ਾਂ ਦੀਆਂ ਸਿਆਸੀ ਪਾਰਟੀਆਂ ਵੱਲੋਂ ਵੀ ਭਾਰਤੀ ਭਾਈਚਾਰੇ ਖ਼ਾਸ ਕਰਕੇ ਸਿੱਖ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਸਿੱਖ ਚਿਹਰਿਆਂ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾਣ ਲੱਗੀ ਹੈ। ਇਟਲੀ ਦੀ "ਲੰਮਬਾਰਦੀਆ ਮਲਉਰੇ, ਪਾਰਟੀ ਵੱਲੋਂ 2023 ਦੀਆਂ ਖੇਤਰੀ ਚੋਣਾਂ ਲਈ ਸਿੱਖ ਨੌਜਵਾਨ ਅਕਾਸ਼ਦੀਪ ਸਿੰਘ (23) ਨੂੰ ਬ੍ਰੇਸ਼ੀਆ ਜ਼ਿਲ੍ਹੇ ਦੇ ਕਿਸੇ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ, ਜਿਸ ਦਾ ਰਸਮੀ ਐਲਾਨ ਦਸੰਬਰ ਤੋਂ ਦੂਜੇ ਹਫ਼ਤੇ ਹੋ ਜਾਵੇਗਾ।
ਇਕ ਸਮਾਗਮ ਵਿਚ ਬੋਲਦਿਆਂ ਪਾਰਟੀ ਆਗੂਆਂ ਨੇ ਆਖਿਆ ਕਿ ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ। ਅਜਿਹੇ ਵਿਚ ਕੁੱਝ ਬਦਲਾਅ ਕਰਨੇ ਜ਼ਰੂਰੀ ਹਨ। ਉਨਾਂ ਦਾ ਮੰਨਣਾ ਹੈ ਕਿ ਇਕੱਲੇ ਲੰਮਬਾਰਦੀਆ ਸੂਬੇ ਵਿਚ ਹੀ ਕੋਈ 1 ਲੱਖ ਦੇ ਕਰੀਬ ਭਾਰਤੀ ਰਹਿੰਦੇ ਹਨ। ਅਜਿਹੇ ਵਿਚ ਲੋਕਾਂ ਦੀਆਂ ਮੁਸ਼ਕਲਾਂ ਅਤੇ ਲੋੜਾਂ ਨੂੰ ਵੇਖਦੇ ਹੋਏ ਅਕਾਸ਼ਦੀਪ ਸਿੰਘ ਨੂੰ ਉਮੀਦਵਾਰ ਬਣਾਉਣ ਬਾਰੇ ਸੋਚ ਵਿਚਾਰ ਹੋਈ ਹੈ। ਹੁਣ ਵੇਖਣਾ ਹੋਵੇਗਾ ਕਿ ਆਪਣੇ ਨੌਜਵਾਨ ਬੱਚਿਆਂ ਦੇ ਸਿਆਸੀ ਭਵਿੱਖ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਭਾਰਤੀ ਕਿੰਨੀ ਕੁ ਮਦਦ ਕਰਦੇ ਹਨ ਪਰ ਇਕ ਗੱਲ ਤੈਅ ਹੈ ਕਿ ਆਉਂਦੇ ਕੁੱਝ ਸਾਲਾਂ ਵਿਚ ਇਟਲੀ ਦੀ ਸਿਆਸਤ ਵਿਚ ਸਿੱਖਾਂ ਦਾ ਵਿਸ਼ੇਸ਼ ਸਥਾਨ ਹੋਵੇਗਾ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਮਾਡਲ ਦਾ ਵਾਰਾਣਸੀ ਸ਼ਹਿਰ 'ਤੇ ਵਿਵਾਦਿਤ ਬਿਆਨ, ਫਿਰ ਲਿਆ ਯੂ-ਟਰਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।