ਹੁਣ ਬ੍ਰਿਕਸ ਦੇਸ਼ ਚਲਾਉਣਗੇ ਦੁਨੀਆ ਦੀ ਅਰਥਵਿਵਸਥਾ, ਸਮਿਟ ਤੋਂ ਪਹਿਲਾਂ ਪੁਤਿਨ ਨੇ ਵਿਨ੍ਹਿਆ ਨਿਸ਼ਾਨਾ

Saturday, Oct 19, 2024 - 12:21 AM (IST)

ਹੁਣ ਬ੍ਰਿਕਸ ਦੇਸ਼ ਚਲਾਉਣਗੇ ਦੁਨੀਆ ਦੀ ਅਰਥਵਿਵਸਥਾ, ਸਮਿਟ ਤੋਂ ਪਹਿਲਾਂ ਪੁਤਿਨ ਨੇ ਵਿਨ੍ਹਿਆ ਨਿਸ਼ਾਨਾ

ਇੰਟਰਨੈਸ਼ਨਲ ਡੈਸਕ - ਰੂਸ 'ਚ ਬ੍ਰਿਕਸ ਦੇਸ਼ਾਂ ਦੀ ਕਾਨਫਰੰਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਰਾਸ਼ਟਰਪਤੀ ਪੁਤਿਨ ਨੇ ਪੱਛਮੀ ਦੇਸ਼ਾਂ 'ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਹੁਣ ਦੁਨੀਆ ਦੀ ਅਰਥਵਿਵਸਥਾ ਪੱਛਮੀ ਦੇਸ਼ ਨਹੀਂ, ਸਗੋਂ ਬ੍ਰਿਕਸ ਦੇਸ਼ ਚਲਾਉਣਗੇ। ਪੁਤਿਨ ਨੇ ਇਸ ਸੰਮੇਲਨ 'ਚ ਬ੍ਰਿਕਸ ਦੇਸ਼ਾਂ ਦੇ ਵਿਸਥਾਰ 'ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬ੍ਰਿਕਸ ਦੇ ਦਰਵਾਜ਼ੇ ਸਾਰੇ ਦੇਸ਼ਾਂ ਲਈ ਖੁੱਲ੍ਹੇ ਹਨ।

ਬ੍ਰਿਕਸ ਦੇਸ਼ਾਂ ਦੇ ਆਰਥਿਕ ਸਮੂਹ ਦੀ ਬੈਠਕ ਇਸ ਮਹੀਨੇ 22-24 ਅਕਤੂਬਰ ਨੂੰ ਕਜ਼ਾਨ ਸ਼ਹਿਰ ਵਿੱਚ ਪ੍ਰਸਤਾਵਿਤ ਹੈ। ਇਸ ਬੈਠਕ 'ਚ ਭਾਰਤ, ਚੀਨ ਅਤੇ ਯੂਏਈ ਹਿੱਸਾ ਲੈਣਗੇ। ਪੁਤਿਨ ਨੇ ਕਿਹਾ ਕਿ ਬ੍ਰਿਕਸ ਦੇਸ਼ ਇਸ ਸਮੇਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹਨ ਅਤੇ ਪੱਛਮੀ ਦੇਸ਼ਾਂ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ।

ਇੱਕ ਕਰੰਸੀ ਦਾ ਕੋਈ ਦਬਦਬਾ ਨਹੀਂ
ਆਪਣੇ ਸੰਬੋਧਨ 'ਚ ਪੁਤਿਨ ਨੇ ਡਾਲਰ ਦਾ ਨਾਂ ਲਏ ਬਿਨਾਂ ਕਿਹਾ ਕਿ ਰੂਸ ਦੀ ਪਹਿਲਕਦਮੀ ਕਾਰਨ ਅੱਜ ਦੁਨੀਆ 'ਤੇ ਇਕ ਹੀ ਕਰੰਸੀ ਦਾ ਦਬਦਬਾ ਨਹੀਂ ਰਿਹਾ ਹੈ। ਪੁਤਿਨ ਨੇ ਬ੍ਰਿਕਸ ਦੇਸ਼ਾਂ ਦੇ ਨਿਊ ਡਿਵੈਲਪਮੈਂਟ ਬੈਂਕ ਨੂੰ ਗਲੋਬਲ ਸਾਊਥ ਲਈ ਇਕਲੌਤਾ ਬੈਂਕ ਦੱਸਿਆ ਜੋ ਵਿਕਾਸ ਲਈ ਕੰਮ ਕਰ ਰਿਹਾ ਹੈ।

ਪੁਤਿਨ ਨੇ ਕਿਹਾ ਕਿ ਬ੍ਰਿਕਸ ਦੇਸ਼ਾਂ ਦੀਆਂ ਸੰਸਥਾਵਾਂ ਪੱਛਮੀ ਦੇਸ਼ਾਂ ਦੀਆਂ ਸੰਸਥਾਵਾਂ ਦੇ ਬਦਲ ਵਜੋਂ ਕੰਮ ਕਰ ਰਹੀਆਂ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਪਿੱਛੇ ਛੱਡ ਜਾਣਗੀਆਂ। ਪੁਤਿਨ ਨੇ ਰੂਸੀ ਪ੍ਰੋਜੈਕਟਾਂ ਵਿੱਚ ਨਿਵੇਸ਼ ਦੀ ਅਪੀਲ ਕੀਤੀ, ਜਿਸ ਵਿੱਚ ਆਰਕਟਿਕ ਸਾਗਰ ਰੂਟ ਅਤੇ ਉੱਤਰ-ਤੋਂ-ਦੱਖਣ ਕੋਰੀਡੋਰ ਸ਼ਾਮਲ ਹਨ, ਜੋ ਰੂਸ ਨੂੰ ਕੈਸਪੀਅਨ ਸਾਗਰ ਅਤੇ ਇਰਾਨ ਰਾਹੀਂ ਖਾੜੀ ਅਤੇ ਹਿੰਦ ਮਹਾਸਾਗਰ ਨਾਲ ਜੋੜਦਾ ਹੈ।

ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ
ਪੁਤਿਨ ਨੇ ਕਿਹਾ ਕਿ ਕਈ ਦੇਸ਼ਾਂ ਨੇ ਬ੍ਰਿਕਸ 'ਚ ਸ਼ਾਮਲ ਹੋਣ 'ਚ ਦਿਲਚਸਪੀ ਦਿਖਾਈ ਹੈ, ਜਿਸ 'ਚ ਇਥੋਪੀਆ, ਮਿਸਰ, ਈਰਾਨ, ਅਰਜਨਟੀਨਾ ਸਮੇਤ 30 ਦੇਸ਼ ਸ਼ਾਮਲ ਹਨ। ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ, ਅਸੀਂ ਕਿਸੇ ਨੂੰ ਇਨਕਾਰ ਨਹੀਂ ਕਰ ਰਹੇ ਹਾਂ। ਅਸੀਂ ਸਾਰਿਆਂ ਨੂੰ ਅੱਗੇ ਲੈ ਕੇ ਜਾਣ ਅਤੇ ਅੱਗੇ ਵਧਣ ਵਿੱਚ ਵਿਸ਼ਵਾਸ ਰੱਖਦੇ ਹਾਂ। ਬ੍ਰਿਕਸ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਸਾਰੇ ਦੇਸ਼ਾਂ ਦਾ ਸੁਆਗਤ ਹੈ।


author

Inder Prajapati

Content Editor

Related News