ਹੁਣ ਜਾਰਜੀਆ ’ਚ ਭੜਕੀ ਬਗਾਵਤ, ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਭਵਨ ਘੇਰਿਆ
Sunday, Oct 05, 2025 - 02:06 AM (IST)

ਤਬਿਲੀਸੀ - ਬੰਗਲਾਦੇਸ਼, ਨੇਪਾਲ ਅਤੇ ਮੋਰੱਕੋ ਤੋਂ ਬਾਅਦ ਹੁਣ ਜਾਰਜੀਆ ’ਚ ਵੀ ਬਗਾਵਤ ਦੀ ਅੱਗ ਭੜਕ ਉੱਠੀ ਹੈ। ਰਾਸ਼ਟਰਪਤੀ ਭਵਨ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੇ ਕੁਰਸੀਆਂ ਅਤੇ ਮੇਜ਼ਾਂ ਨੂੰ ਅੱਗ ਲਾ ਦਿੱਤੀ। ਹੱਥਾਂ ’ਚ ਯੂਰਪੀਅਨ ਯੂਨੀਅਨ ਅਤੇ ਯੂਕ੍ਰੇਨੀ ਝੰਡੇ ਫੜ ਕੇ ਹਜ਼ਾਰਾਂ ਲੋਕ ‘ਯੂਰਪ ਜਾਂ ਮੌਤ’ ਦੇ ਨਾਅਰੇ ਲਾ ਰਹੇ ਸਨ। ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ, ਵਾਟਰ ਕੈਨਨ ਅਤੇ ਪੇਪਰ ਸਪ੍ਰੇਅ ਦੀ ਵਰਤੋਂ ਕੀਤੀ। ਇਹ ਹਿੰਸਾ ਉਦੋਂ ਭੜਕੀ ਜਦੋਂ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬੈਰੀਅਰ ਤੋੜ ਕੇ ਰਾਸ਼ਟਰਪਤੀ ਭਵਨ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਪੂਰਾ ਸ਼ਹਿਰ ਜੰਗ ਦਾ ਮੈਦਾਨ ਬਣ ਗਿਆ। ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਸੱਤਾਧਾਰੀ ਜਾਰਜੀਅਨ ਡ੍ਰੀਮ ਪਾਰਟੀ ਰੂਸ ਪੱਖੀ ਏਜੰਡੇ ’ਤੇ ਕੰਮ ਕਰ ਰਹੀ ਹੈ ਅਤੇ ਦੇਸ਼ ਨੂੰ ਯੂਰਪ ਤੋਂ ਦੂਰ ਲਿਜਾ ਰਹੀ ਹੈ। ਸ਼ਨੀਵਾਰ ਨੂੰ ਜਦੋਂ ਲੋਕਲ ਚੋਣਾਂ ਦੀ ਵੋਟਿੰਗ ਖਤਮ ਹੋਣ ਵਾਲੀ ਸੀ, ਉਦੋਂ ਹਜ਼ਾਰਾਂ ਲੋਕ ਤਬਿਲੀਸੀ ਦੀਆਂ ਸੜਕਾਂ ’ਤੇ ਇਕੱਠੇ ਹੋ ਗਏ। ਭੀੜ ਨੇ ‘ਫ੍ਰੀਡਮ ਸਕੁਏਅਰ’ ਤੋਂ ਰਾਸ਼ਟਰਪਤੀ ਭਵਨ ਵੱਲ ਮਾਰਚ ਸ਼ੁਰੂ ਕਰ ਦਿੱਤਾ। ਹਾਲਾਤ ਉਦੋਂ ਵਿਗੜੇ ਜਦੋਂ ਕੁਝ ਨੌਜਵਾਨਾਂ ਨੇ ਰਾਸ਼ਟਰਪਤੀ ਭਵਨ ਦੇ ਬਾਹਰ ਰੱਖੇ ਫਰਨੀਚਰ ਨੂੰ ਅੱਗ ਲਾ ਦਿੱਤੀ।