ਯੂ-ਟਿਊਬ ਨੇ ਗਲਤੀ ਨਾਲ ਨੋਟਰੇ-ਡੈਮ ਹਾਦਸੇ ਨੂੰ 9/11 ਹਮਲੇ ਨਾਲ ਜੋੜਿਆ
Tuesday, Apr 16, 2019 - 04:29 PM (IST)

ਸਿੰਗਾਪੁਰ (ਭਾਸ਼ਾ)— ਯੂ-ਟਿਊਬ ਦੇ ਤੱਥਾਂ ਦੀ ਜਾਂਚ ਕਰਨ ਵਾਲੇ ਇਕ ਫੀਚਰ ਨੇ ਪੈਰਿਸ ਦੇ ਨੋਟਰੇ-ਡੈਮ ਚਰਚ ਵਿਚ ਅੱਗ ਲੱਗਣ ਦੇ ਸਿੱਧੇ ਪ੍ਰਸਾਰਣ ਵਿਚ ਵੱਡੀ ਗਲਤੀ ਕਰ ਦਿੱਤੀ। ਯੂ-ਟਿਊਬ ਨੇ ਘਟਨਾ ਦੇ ਪ੍ਰਸਾਰਣ ਨੂੰ ਗਲਤੀ ਨਾਲ 9/11 ਅੱਤਵਾਦੀ ਹਮਲੇ ਦੇ ਵੇਰਵੇ ਨਾਲ ਟੈਗ ਕਰ ਦਿੱਤਾ। ਇਸ ਫੀਚਰ ਦਾ ਉਦੇਸ਼ ਗਲਤ ਸੂਚਨਾਵਾਂ ਨਾਲ ਨਜਿੱਠਣਾ ਹੈ। ਇਹ ਅੱਗ ਫਰਾਂਸ ਦੀ ਰਾਜਧਾਨੀ ਵਿਚ ਯੂਨੇਸਕੋ ਵਿਸ਼ਵ ਵਿਰਾਸਤ ਐਲਾਨੀ ਇਤਿਹਾਸਿਕ ਸਥਲ 'ਤੇ ਲੱਗੀ ਜਿਸ ਨਾਲ ਉਸ ਦੀ ਛੱਤ ਅਤੇ ਗੁੰਬਦ ਢਹਿ ਗਏ। ਪੂਰਾ ਆਸਮਾਨ ਕਾਲੇ ਧੂੰਏਂ ਨਾਲ ਭਰ ਗਿਆ।
ਇਸ ਭਿਆਨਕ ਅੱਗ ਦੇ ਇਕ ਸਮੇਂ ਵਿਚ ਪੂਰੀ ਇਮਾਰਤ ਨੂੰ ਨਸ਼ਟ ਕਰਨ ਦਾ ਖਤਰਾ ਲੱਗ ਰਿਹਾ ਸੀ ਪਰ ਮੰਗਲਵਾਰ ਸਵੇਰੇ ਅੱਗ 'ਤੇ ਕਾਬੂ ਪਾ ਲਿਆ ਗਿਆ। ਸਮਾਚਾਰ ਆਊਟਲੇਟ ਨੇ ਯੂ-ਟਿਊਬ 'ਤੇ ਅੱਗ ਦਾ ਸਿੱਧਾ ਪ੍ਰਸਾਰਣ ਕਰ ਦਿੱਤਾ ਸੀ ਪਰ ਕੁਝ ਕਲਿਪਸ ਹੇਠਾਂ ਅਸਧਾਰਨ ਟੈਕਸਟ ਦਿੱਸਣ ਲੱਗੇ ਜੋ 11 ਸਤੰਬਰ 2001 ਵਿਚ ਅਮਰੀਕਾ ਵਿਚ ਹੋਏ ਹਮਲਿਆਂ ਦੇ ਸਬੰਧ ਵਿਚ ਇਨਸਾਈਕਲੋਪੀਡੀਆ ਬ੍ਰਿਟਾਨਿਕਾ ਦੀ ਐਂਟਰੀ ਨਾਲ ਸਬੰਧਤ ਸਨ। ਯੂ-ਟਿਊਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਟੈਕਸਟ ਬਾਕਸ ਫੀਚਰ ਨੂੰ ਅੱਗ ਨਾਲ ਜੁੜੇ ਸਿੱਧੇ ਪ੍ਰਸਾਰਣਾਂ (ਲਾਈਵ ਸਟ੍ਰੀਮ) ਲਈ ਬੰਦ ਕਰ ਦਿੱਤਾ ਗਿਆ ਹੈ।
ਬੁਲਾਰੇ ਨੇ ਕਿਹਾ,''ਪੱਟੀਆਂ ਖੁਦ-ਬ-ਖੁਦ ਚੱਲਣ ਲੱਗੀਆਂ ਅਤੇ ਸਾਡੇ ਸਿਸਟਮ ਕਈ ਵਾਰ ਗਲਤ ਚੀਜ਼ਾਂ ਚੁੱਕ ਲੈਂਦੇ ਹਨ।'' ਉਨ੍ਹਾਂ ਨੇ ਦੱਸਿਆ,''ਅਸੀਂ ਨੋਟਰੇਡੈਮ ਚਰਚ ਵਿਚ ਲੱਗੀ ਅੱਗ ਨਾਲ ਬਹੁਤ ਦੁੱਖੀ ਹਾਂ।'' ਵਿਕੀਪੀਡੀਆ ਜਿਹੇ ਬਾਹਰੀ ਸਰੋਤਾਂ ਨਾਲ ਵੀ ਜੁੜਨ ਵਾਲਾ ਇਹ ਫੀਚਰ ਬੀਤੇ ਸਾਲ ਲਿਆਂਦਾ ਗਿਆ ਸੀ। ਗਲਤ ਅਤੇ ਸਖਤ ਸੂਚਨਾਵਾਂ ਵਾਲੇ ਵੀਡੀਓ ਨੂੰ ਲੈ ਕੇ ਕਾਫੀ ਆਲੋਚਨਾ ਸਹਿਣ ਦੇ ਬਾਅਦ ਯੂ-ਟਿਊਬ ਇਹ ਫੀਚਰ ਲੈ ਕੇ ਆਇਆ ਸੀ।