''ਤੇਲ ਪਾਈਪਲਾਈਨ'' ਮੁੱਦੇ ''ਤੇ ਨੋਟਲੇ ਨੇ ਬੀ. ਸੀ. ਨੂੰ ਲਿਆ ਲੰਮੇ ਹੱਥੀਂ
Saturday, Feb 03, 2018 - 04:47 AM (IST)

ਐਡਮੰਟਨ — ਐਲਬਰਟਾ ਦੀ ਪ੍ਰੀਮੀਅਰ ਰੇਚਲ ਨੋਟਲੇ ਦਾ ਕਹਿਣਾ ਹੈ ਕਿ ਕਿੰਡਰ ਮੌਰਗਨ ਟਰਾਂਸ ਮਾਊਨਟੇਨ ਤੇਲ ਪਾਈਪਲਾਈਨ ਦੇ ਪਸਾਰ 'ਚ ਰੁਕਾਵਟ ਪਾਉਣ ਲਈ ਬ੍ਰਿਟਿਸ਼ ਕੋਲੰਬੀਆ ਨੂੰ ਮਾੜੇ ਨਤੀਜੇ ਭੁਗਤਣੇ ਪੈਣਗੇ।
ਬੁੱਧਵਾਰ ਨੂੰ ਨੌਟਲੇ ਨੇ ਕੈਬਨਿਟ ਦੀ ਐਮਰਜੰਸੀ ਬੈਠਕ ਸੱਦੀ ਤਾਂ ਜੋ ਇਹ ਫੈਸਲਾ ਕੀਤਾ ਜਾ ਸਕੇ ਕਿ ਗੁਆਂਢੀ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ 'ਤੇ ਐਲਬਰਟਾ ਕਿਹੋਂ ਜਿਹੇ ਲੀਗਲ ਅਤੇ ਆਰਥਿਕ ਮਾਪਦੰਡ ਅਪਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਐਲਬਰਟਾ ਸਰਕਾਰ ਰੁਜ਼ਗਾਰ ਅਤੇ ਕੰਮਕਾਜ਼ੀ ਲੋਕਾਂ 'ਤੇ ਇਸ ਤਰ੍ਹਾਂ ਦੇ ਗੈਰ-ਸੰਵਿਧਾਨਕ ਹਮਲਾ ਨਹੀਂ ਹੋਣ ਦੇਵੇਗੀ। ਬੀ. ਸੀ. ਸਰਕਾਰ ਦਾ ਕਹਿਣਾ ਹੈ ਕਿ ਇਸ ਮੁੱਦੇ ਦਾ ਅਧਿਐਨ ਕਰਨ ਲਈ ਉਹ ਅਜ਼ਾਦਾਨਾ ਸਾਇੰਟਿਫਿਕ ਐਡਵਾਇਜ਼ਰੀ ਪੈਨਲ ਕਾਇਮ ਕਰੇਗੀ। ਨੌਟਲੇ ਨੇ ਕਿਹਾ ਕਿ ਪਾਈਪਲਾਈਨ ਦੇ ਪਸਾਰ ਨੂੰ ਫੈਡਰਲ ਸਰਕਾਰ ਪਹਿਲਾਂ ਹੀ ਮਨਜ਼ੂਰੀ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗ੍ਰੀਨ ਪਾਰਟੀ ਦੇ ਨਾਲ ਰਲ ਕੇ ਬੀ. ਸੀ। ਸਰਕਾਰ ਇਸ ਫੈਸਲੇ ਨੂੰ ਪਸੰਦ ਨਹੀਂ ਕਰ ਰਹੀ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਾਨੂੰਨ ਨੂੰ ਅੱਖੋਂ ਪਰੋਖੇ ਕਰ ਦੇਣ ਅਤੇ ਆਪਣੀ ਮਰਜ਼ੀ ਨਾਲ ਇਨ੍ਹਾਂ ਨੂੰ ਬਦਲ ਦੇਣ। ਉਨ੍ਹਾਂ ਕਿਹਾ ਕਿ ਦੋਵਾਂ ਪ੍ਰੋਵਿੰਸਾਂ ਦੇ ਅਰਛਤਾਰੇ ਇਕ-ਦੂਜੇ ਨਾਲ ਨੇੜਿਓ ਜੁੜੇ ਹੋਏ ਹਨ। ਕਈ ਬਿਲੀਅਨ ਡਾਲਰ ਦੀਆਂ ਵਸਤਾਂ ਹਰ ਸਾਲ ਸਰਹੱਦ ਤੋਂ ਇਸ ਪਾਰ ਅਤੇ ਉਸ ਪਾਰ ਜਾਂਦੀਆਂ ਹਨ। ਦੋਵਾਂ ਪ੍ਰੋਵਿੰਸਾਂ ਵਿਚਾਲੇ ਚੰਗੇ ਕਾਰੋਬਾਰੀ ਸਬੰਧਾਂ 'ਤੇ ਸੈਕੜੇ ਨੌਕਰੀਆਂ ਨਿਰਭਰ ਕਰਦੀਆਂ ਹਨ।
ਬੀ. ਸੀ. ਦੇ ਐਨਵਾਇਰਨੈਂਟ ਮੰਤਰੀ ਜਾਰਜ ਹੇਅਮੈਨ ਨੇ ਕਿਹਾ ਕਿ ਬੀ. ਸੀ. ਅਤੇ ਐਲਬਰਟਾ ਇਸ ਮੁੱਦੇ 'ਤੇ ਸਹਿਮਤ ਨਹੀਂ ਹਨ ਪਰ ਦੋਵਾਂ ਪ੍ਰੋਵਿੰਸਾਂ ਨੂੰ ਆਪਣੇ ਮਸਲੇ ਮਿਲ ਬੈਠ ਕੇ ਸੁਲਝਾ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਬੀ. ਸੀ. ਦੀ ਕੋਸਟਲਾਈਨ, ਐਨਵਾਇਰਮੈਂਟ ਅਤੇ ਹਜ਼ਾਰਾਂ ਨੌਕਰੀਆਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਆਪਣੇ ਤੱਟੀ ਇਲਾਕੇ ਨੂੰ ਕੋਈ ਨੁਕਸਾਨ ਨਹੀਂ ਹੋਣ ਦੇਣਗੇ।