ਨਾਰਵੇ ਸਰਕਾਰ ਦੇ ਨਵੇਂ ਕਾਨੂੰਨ ਨੇ ਦਿੱਤੀ ਦਸਤਾਰ ਨੂੰ ਮਾਨਤਾ

10/03/2020 2:37:11 AM

ਫਤਿਹਗੜ੍ਹ ਸਾਹਿਬ, (ਜਗਦੇਵ)- ਉੱਘੀ ਲੇਖਕਾ ਪਰਮਜੀਤ ਕੌਰ ਸਰਹਿੰਦ ਦੇ ਦਾਮਾਦ ਅੰਮ੍ਰਿਤਪਾਲ ਸਿੰਘ, ਮਿਊਂਸੀਪਲ ਕਮਿਸ਼ਨਰ ਦਰਮਨ (ਨਾਰਵੇ) ਨੇ ਕਈ ਸਾਲਾਂ ਦੀ ਜੱਦੋ-ਜਹਿਦ ਤੋਂ ਬਾਅਦ ਪੱਗ ਬੰਨ੍ਹਣ ਦੇ ਵਿਸ਼ੇਸ਼ ਸਟਾਈਲ ਸਬੰਧੀ ਸਰਕਾਰ ਤੋਂ ਆਪਣੀ ਮੰਗ ਮੰਨਵਾਉਣ ਲਈ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਆਪਣੇ ਗ੍ਰਹਿ ਸਰਹਿੰਦ ਵਿਖੇ ਜਾਣਕਾਰੀ ਦਿੰਦਿਆਂ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਦੱਸਿਆ ਕਿ ਨਾਰਵੇ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਕੰਨਾਂ ਤੋਂ ਦਸਤਾਰ ਚੁੱਕ ਕੇ ਪਾਸਪੋਰਟ ’ਤੇ ਫੋਟੋ ਲਵਾਉਣ ਲਈ ਕਾਨੂੰਨ ਪਾਸ ਕੀਤਾ ਤਾਂ ਸਿੱਖ ਭਾਈਚਾਰੇ ਨੇ ਦਸਤਾਰ ਦੀ ਬੇਅਦਬੀ ਮਹਿਸੂਸ ਕੀਤੀ।

ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਯੰਗ ਸਿੱਖ ਜਥੇਬੰਦੀ ਤੇ ਹੋਰ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਇਸ ਫ਼ੈਸਲੇ ਦੀ ਵਿਰੋਧਤਾ ਕੀਤੀ ਤੇ ਇਹ ਫ਼ੈਸਲਾ ਬਦਲਣ ਲਈ ਸਰਕਾਰ ਨਾਲ ਲਗਾਤਾਰ ਰਾਬਤਾ ਰੱਖਿਆ। ਉਨ੍ਹਾਂ ਦੇ ਸੰਘਰਸ਼ ਨੂੰ ਦੇਖਦਿਆਂ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਕਾਫ਼ੀ ਅਰਸੇ ਪਿੱਛੋਂ ਆਖ਼ਰ ਸਰਕਾਰ ਨੇ ਨਵੇਂ ਕਾਨੂੰਨ ’ਚ ਸੋਧ ਕਰ ਦਿੱਤੀ ਹੈ। ਨਵੇਂ ਕਾਨੂੰਨ ਅਨੁਸਾਰ ਸਿੱਖ ਭਾਈਚਾਰਾ ਆਪਣੀ ਦਸਤਾਰ ਦੀ ਸ਼ਾਨ ਨੂੰ ਕਾਇਮ ਰੱਖ ਕੇ ਪਾਸਪੋਰਟ ’ਤੇ ਫੋਟੋ ਲਵਾ ਸਕੇਗਾ। ਬੀਬੀ ਪਰਮਜੀਤ ਕੌਰ ਨੇ ਦੱਸਿਆ ਕਿ ਨਾਰਵੇ ’ਚ ਨਵੇਂ ਕਾਨੂੰਨ ਬਾਰੇ ’ਚ ਨਾਰਵੇ ਦੀ ਲਾਅ ਮਨਿਸਟਰ ਮੋਨਿਕਾ ਮੇਲਾਂਦ, ਕਲਚਰ ਮਨਿਸਟਰ ਤੇ ਫੈਮਿਲੀ ਮਨਿਸਟਰ ਨੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਓਸਲੋ (ਨਾਰਵੇ) ਵਿਖੇ ਉਕਤ ਫ਼ੈਸਲੇ ਦਾ ਐਲਾਨ ਕੀਤਾ। ਉਕਤ ਫ਼ੈਸਲੇ ਨਾਲ ਸਿੱਖ ਸੰਗਤ ਵਿਚ ਖ਼ੁਸ਼ੀ ਦੀ ਲਹਿਰ ਹੈ। ਮਿਊਂਸੀਪਲ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਤੇ ਸਿੱਖ ਪਤਵੰਤਿਆਂ ਨੇ ਨਾਰਵੇ ਸਰਕਾਰ ਦਾ ਧੰਨਵਾਦ ਕੀਤਾ।


Bharat Thapa

Content Editor

Related News