ਨਾਰਥ ਯਾਰਕ 'ਚ ਇਕ ਘਰ 'ਚ ਲੱਗੀ ਭਿਆਨਕ ਅੱਗ, ਬਜ਼ੁਰਗ ਵਿਅਕਤੀ ਜ਼ਖ਼ਮੀ
Monday, Nov 02, 2020 - 03:47 PM (IST)

ਟੋਰਾਂਟੋ- ਕੈਨੇਡਾ ਦੇ ਸ਼ਹਿਰ ਨਾਰਥ ਯਾਰਕ ਵਿਚ ਐਤਵਾਰ ਸਵੇਰੇ ਇਕ ਘਰ ਵਿਚ ਅੱਗ ਲੱਗ ਗਈ, ਜਿਸ ਕਾਰਨ 80 ਸਾਲਾ ਬਜ਼ੁਰਗ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਐਮਰਜੈਂਸੀ ਕਰੂ ਮੁਤਾਬਕ ਗ੍ਰੈਂਡਵਾਈਨ ਡਰਾਈਵ ਅਤੇ ਲੇਡੀਸ਼ਾਟ ਕਰੇਸੈਂਟ ਨੇੜੇ ਲਗਭਗ ਰਾਤ ਦੇ 10.30 ਵਜੇ ਇਕ ਘਰ ਵਿਚੋਂ ਕਾਲਾ ਧੂੰਆਂ ਨਿਕਲ ਰਿਹਾ ਸੀ।
ਟੋਰਾਂਟੋ ਪੁਲਸ ਨੇ ਦੱਸਿਆ ਕਿ ਘਰ ਵਿਚ ਜਦ ਅੱਗ ਲੱਗੀ ਤਾਂ ਉੱਥੇ ਦੋ ਜਾਣੇ ਮੌਜੂਦ ਸੀ। ਇਨ੍ਹਾਂ ਵਿਚੋਂ ਇਕ ਬਾਹਰ ਆ ਗਿਆ ਪਰ 80 ਸਾਲਾ ਬਜ਼ੁਰਗ ਬਾਹਰ ਨਾ ਆ ਸਕਿਆ। ਜੇਮਲ ਕਰੂਕ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਸਮੇਂ ਉਹ ਗੱਡੀ ਵਿਚ ਘੁੰਮ ਰਿਹਾ ਸੀ ਕਿ ਉਸ ਨੂੰ ਧੂੰਆਂ ਨਿਕਲਦਾ ਦਿਖਾਈ ਦਿੱਤਾ ਜਦ ਉਹ ਉੱਥੇ ਗਿਆ ਤੇ ਇਕ ਬੀਬੀ ਨੇ ਦੱਸਿਆ ਕਿ ਉਸ ਦਾ ਪਤੀ ਅੰਦਰ ਹੀ ਹੈ। ਕੂਰਕ ਜਲਦੀ ਨਾਲ ਦੌੜਿਆ ਤੇ ਉਸ ਬਜ਼ੁਰਗ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗ ਗਿਆ। ਉਸ ਨੇ ਦਰਵਾਜ਼ਾ ਤੋੜਿਆ ਤੇ ਅੰਦਰ ਗਿਆ ਪਰ ਇੱਥੇ ਇੰਨਾ ਕੁ ਧੂੰਆਂ ਸੀ ਕਿ ਉਸ ਦਾ ਸਾਹ ਘੁੱਟ ਹੋਣ ਲੱਗ ਗਿਆ। ਇਸੇ ਦੌਰਾਨ ਫਾਇਰ ਫਾਈਟਰਜ਼ ਪੁੱਜੇ ਤੇ ਉਨ੍ਹਾਂ ਨੇ ਬਜ਼ੁਰਗ ਵਿਅਕਤੀ ਨੂੰ ਬਾਹਰ ਲਿਆਂਦਾ।
ਟੋਰਾਂਟੋ ਅਧਿਕਾਰੀਆਂ ਨੇ ਦੱਸਿਆ ਕਿ ਬਜ਼ੁਰਗ ਦੀ ਹਾਲਤ ਗੰਭੀਰ ਹੈ ਹਾਲਾਂਕਿ ਉਸ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਘਰ 'ਚ ਲੱਗੀ ਅੱਗ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਇਹ ਨਹੀਂ ਪਤਾ ਲੱਗਾ ਕਿ ਇੱਥੇ ਅੱਗ ਕਿਵੇਂ ਲੱਗੀ।