ਉੱਤਰ ਕੋਰੀਆ ਦੇ ਨੇਤਾ ਦੀ ਟ੍ਰੇਨ ਚੀਨ ਪਹੁੰਚੀ : ਰਿਪੋਰਟ
Saturday, Feb 23, 2019 - 11:02 PM (IST)
ਡੇਨਡੋਂਗ (ਚੀਨ), (ਏ.ਐਫ.ਪੀ.)- ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਬਖਤਰਬੰਦ ਟ੍ਰੇਨ ਸ਼ਨੀਵਾਰ ਦੀ ਰਾਤ ਚੀਨ ਪਹੁੰਚੀ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਇਹ ਟ੍ਰੇਨ ਅਮਰੀਕੀ ਰਾਸ਼ਟਰੀ ਡੋਨਾਲਡ ਟਰੰਪ ਦੇ ਨਾਲ ਵੀਅਤਨਾਮ ਵਿਚ ਉਨ੍ਹਾਂ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਦੂਜੀ ਸ਼ਿਖਰ ਸੰਮੇਲਨ ਤੋਂ ਪਹਿਲਾਂ ਪਹੁੰਚੀ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਅਤੇ ਐਨ ਕੇ ਨਿਊਜ਼ ਮੁਤਾਬਕ ਇਹ ਟ੍ਰੇਨ ਸਥਾਨਕ ਸਮੇਂ ਅਨੁਸਾਰ 9 ਵਜੇ ਤੋਂ ਬਾਅਦ ਸਰਹੱਦ ਨੇੜੇ ਡੇਨਡੋਂਗ ਸ਼ਹਿਰ ਪਹੁੰਚੀ। ਹਾਲਾਂਕਿ ਅਜੇ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਕਿਮ ਇਸ 'ਤੇ ਸਵਾਰ ਹੈ ਜਾਂ ਨਹੀਂ। ਟ੍ਰੇਨ ਦੇ ਪਹੁੰਚਣ ਤੋਂ ਪਹਿਲਆਂ ਸੁਰੱਖਿਆ ਨੂੰ ਸਖ਼ਤ ਕਰ ਦਿੱਤਾ ਗਿਆ ਸੀ ਅਤੇ ਪੁਲਸ ਨੇ ਪੁਲ ਤੋਂ ਕੁਝ 100 ਮੀਟਰ ਦੂਰ ਰਿਵਰਫਰੰਟ 'ਤੇ ਸੁਰੱਖਿਆ ਨੂੰ ਵਧਾ ਦਿੱਤਾ ਸੀ।
ਇਕ ਅਣਪਛਾਤੇ ਸੂਤਰ ਨੇ ਐਨ.ਕੇ. ਨਿਊਜ਼ ਨੂੰ ਦੱਸਿਆ ਕਿ ਟ੍ਰੇਨ ਲੰਬੀ ਹੈ ਅਤੇ ਸੈਲਾਨੀ ਟ੍ਰੇਨ ਦੀ ਤੁਲਨਾ ਵਿਚ ਇਹ ਟ੍ਰੇਨ ਹੌਲੀ ਸਪੀਡ ਨਾਲ ਪੁਲ ਪਾਰ ਕਰ ਰਹੀ ਹੈ, ਪਰ ਯਕੀਨੀ ਤੌਰ 'ਤੇ ਉਸ ਦੇ ਕੋਲ ਬਹੁਤ ਸਾਰੀ ਪੁਲਸ ਮੌਜੂਦ ਹੈ। ਕਿਮ ਨੇ ਇਸ ਤੋਂ ਪਹਿਲਾਂ ਬਖ਼ਤਰਬੰਦ ਟ੍ਰੇਨ ਰਾਹੀਂ ਬੀਜਿੰਗ ਦੀ ਯਾਤਰਾ ਕੀਤੀ ਸੀ। ਜੇਕਰ ਕਿਮ ਇਸ 'ਤੇ ਸਵਾਰ ਹੈ ਤਾਂ ਉਹ ਅਮਰੀਕੀ ਰਾਸ਼ਟਰਪਤੀ ਨਾਲ ਦੂਜੀ ਮੀਟਿੰਗ ਤੋਂ ਪਹਿਲਾਂ ਰਾਸ਼ਟਰਪਤੀ ਸ਼ੀ ਚਿਨਫਿੰਗ ਦੇ ਨਾਲ ਮੀਟਿੰਗ ਕਰਨ ਲਈ ਚੀਨੀ ਰਾਜਧਾਨੀ ਵਿਚ ਰੁਕ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਵੀਅਤਨਾਮ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਕਿਮ ਆਉਣ ਵਾਲੇ ਦਿਨਾਂ ਵਿਚ ਵੀਅਤਨਾਮ ਦੀ ਅਧਿਕਾਰਤ ਯਾਤਰਾ ਕਰਨਗੇ। ਉਨ੍ਹਾਂ ਵੀਅਤਨਾਮ ਦੇ ਕਵਾਂਗ ਚਿੰਨ੍ਹ ਅਤੇ ਬਾਕ ਨਿਨਹ ਸੂਬੇ ਦੇ ਉਦਯੋਗਿਕ ਖੇਤਰਾਂ ਦੀ ਯਾਤਰਾ ਕਰਨ ਦੀ ਉਮੀਦ ਕੀਤੀ ਹੈ।