ਦੱਖਣੀ ਕੋਰੀਆ ਦੀ ਵਿਦੇਸ਼ ਮੰਤਰੀ ''ਤੇ ਭੜਕੀ ਕਿਮ ਜੋਂਗ ਦੀ ਭੈਣ, ਦਿੱਤੀ ਧਮਕੀ
Wednesday, Dec 09, 2020 - 05:58 PM (IST)
ਸਿਓਲ (ਬਿਊਰੋ): ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ-ਉਨ ਦੀ ਸ਼ਕਤੀਸ਼ਾਲੀ ਭੈਣ ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਦੀ ਵਿਦੇਸ਼ ਮੰਤਰੀ 'ਤੇ ਬੁੱਧਵਾਰ ਨੂੰ ਨਿਸ਼ਾਨਾ ਵਿੰਨ੍ਹਿਆ।ਅਸਲ ਵਿਚ ਦੱਖਣੀ ਕੋਰੀਆ ਦੀ ਵਿਦੇਸ਼ ਮੰਤਰੀ ਨੇ ਉੱਤਰੀ ਕੋਰੀਆ ਦੇ ਕੋਰੋਨਾਵਾਇਰਸ ਮੁਕਤ ਹੋਣ ਦੇ ਦਾਅਵੇ 'ਤੇ ਸਵਾਲ ਕੀਤਾ ਸੀ। ਕਿਮ ਨੇ ਨਾਲ ਹੀ ਉਸ ਨੂੰ ਅਜਿਹੀਆਂ ਟਿੱਪਣੀਆਂ ਦੇ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦੀ ਵਿਦੇਸ਼ ਮੰਤਰੀ ਕਾਂਗ ਕਿਊਂਗ-ਵਹਾ ਨੇ ਹਫਤੇ ਦੇ ਅਖੀਰ ਵਿਚ ਕਿਹਾ ਸੀ ਕਿ ਇਹ ਮੰਨਣਾ ਮੁਸ਼ਕਲ ਹੈ ਕਿ ਉੱਤਰੀ ਕੋਰੀਆ ਵਿਚ ਕੋਰੋਨਾਵਾਇਰਸ ਦਾ ਇਕ ਵੀ ਮਾਮਲਾ ਨਹੀਂ ਹੈ।
ਦੱਖਣੀ ਕੋਰੀਆ ਦੀ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਗਲੋਬਲ ਮਹਾਮਾਰੀ ਨਾਲ ਨਜਿੱਠਣ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੇ ਦੱਖਣੀ ਕੋਰੀਆ ਦੇ ਪ੍ਰਸਤਾਵ ਦੇ ਪ੍ਰਤੀ ਵੀ ਉੱਤਰੀ ਕੋਰੀਆ ਉਦਾਸੀਨ ਰਿਹਾ ਹੈ। ਸਰਕਾਰੀ ਮੀਡੀਆ ਦੇ ਮੁਤਾਬਕ, ਉੱਤਰੀ ਕੋਰੀਆਈ ਨੇਤਾ ਕਿਮ ਯੋ ਜੋਂਗ ਨੇ ਇਸ ਦੇ ਜਵਾਬ ਵਿਚ ਕਿਹਾ,''ਨਤੀਜਿਆਂ ਦੀ ਚਿੰਤਾ ਕਿਤੇ ਬਿਨਾਂ ਉਹਨਾਂ ਵੱਲੋਂ ਕੀਤੀਆਂ ਗਈਆਂ ਲਾਪਰਵਾਹੀ ਭਰੀਆਂ ਟਿੱਪਣੀਆਂ ਨਾਲ ਦੇਖਿਆ ਜਾ ਸਕਦਾ ਹੈ ਕਿ ਉਹ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੇ ਵਿਚ ਪਹਿਲਾਂ ਤੋਂ ਖਰਾਬ ਸੰਬੰਧਾਂ ਨੂੰ ਹੋਰ ਬਦਤਰ ਕਰਨਾ ਚਾਹੁੰਦੀ ਹੈ।''
ਪੜ੍ਹੋ ਇਹ ਅਹਿਮ ਖਬਰ- ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਕਮਾਲ ਦਾ ਅਸਰ, ਟ੍ਰਾਇਲ 'ਚ 90 ਫੀਸਦੀ ਤੋਂ ਵੱਧ ਅਸਰਦਾਰ
ਕਿਮ ਯੋ ਜੋਂਗ ਨੇ ਕਿਹਾ,''ਉਹਨਾਂ ਦੇ ਅਸਲੀ ਇਰਾਦੇ ਸਪਸ਼ੱਟ ਹਨ। ਅਸੀਂ ਉਹਨਾਂ ਦੇ ਸ਼ਬਦ ਕਦੇ ਨਹੀਂ ਭੁੱਲਾਂਗੇ ਅਤੇ ਉਹਨਾਂ ਨੂੰ ਵੀ ਇਸ ਦੇ ਨਤੀਜੇ ਭੁਗਤਣੇ ਹੋਣਗੇ।'' ਉੱਤਰੀ ਕੋਰੀਆ ਵਿਚ ਕੋਵਿਡ-19 ਦਾ ਇਕ ਵੀ ਮਾਮਲਾ ਨਾ ਹੋਣ ਦੇ ਦਾਅਵੇ ਦੇ ਵਿਚ, ਸਰਕਾਰੀ ਮੀਡੀਆ ਨੇ ਬਾਰ-ਬਾਰ ਇਹ ਕਿਹਾ ਹੈ ਕਿ ਇਕ ''ਵੱਧ ਤੋਂ ਵੱਧ ਐਮਰਜੈਂਸੀ' ਮਹਾਮਾਰੀ ਵਿਰੋਧੀ ਮੁਹਿੰਮ ਜਾਰੀ ਹੈ, ਜਿਸ ਦੇ ਤਹਿਤ ਉਸ ਨੇ ਆਪਣੀ ਅੰਤਰਰਾਸ਼ਟਰੀ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ। ਡਿਪਲੋਮੈਟਾਂ ਨੂੰ ਬਾਹਰ ਕੱਢ ਦਿੱਤਾ ਹੈ ਅਤੇ ਸ਼ੱਕੀ ਲੱਛਣਾਂ ਵਾਲੇ ਲੋਕਾਂ ਨੂੰ ਵੱਖਰੇ ਕਰ ਦਿੱਤਾ ਗਿਆ ਹੈ।
ਨੋਟ- ਦੱਖਣੀ ਕੋਰੀਆ ਦੀ ਵਿਦੇਸ਼ ਮੰਤਰੀ 'ਤੇ ਭੜਕੀ ਕਿਮ ਜੋਂਗ ਦੀ ਭੈਣ, ਖ਼ਬਰ ਸੰਬੰਧੀ ਦੱਸੋ ਆਪਣੀ ਰਾਏ।