ਕੋਮਾ ''ਚ ਹੈ ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ, ਭੈਣ ਵੱਲੋਂ ਅਹੁਦਾ ਸੰਭਾਲਣ ਦੀਆਂ ਅਟਕਲਾਂ

08/24/2020 6:30:30 PM

ਸਿਓਲ (ਬਿਊਰੋ): ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ ਕੋਮਾ ਵਿਚ ਹੈ। ਜਲਦੀ ਹੀ ਉਸ ਦੀ ਛੋਟੀ ਭੈਣ ਕਿਮ ਯੋ ਜੋਂਗ ਦੇਸ਼ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈਣ ਵਾਲੀ ਹੈ। ਇਹ ਹੈਰਾਨ ਕਰ ਦੇਣ ਵਾਲਾ ਖੁਲਾਸਾ ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਕਿਮ ਦੇ ਜੰਗ ਦੇ ਕਰੀਬੀ ਰਹੇ ਇਕ ਸ਼ਖਸ ਨੇ ਕੀਤਾ ਹੈ। ਉਸ ਨੇ ਇਹ ਦਾਅਵਾ ਅਜਿਹੇ ਸਮੇਂ ਵਿਚ ਕੀਤਾ ਹੈ ਜਦੋਂ ਪਿਛਲੇ ਦਿਨੀਂ ਇਹ ਖਬਰਾਂ ਆਈਆਂ ਸਨ ਕਿ ਕਿਮ ਨੇ ਅਮਰੀਕਾ ਅਤੇ ਦੱਖਣੀ ਕੋਰੀਆ ਨਾਲ ਜੁੜੇ ਮਾਮਲਿਆਂ ਦੀ ਜ਼ਿੰਮੇਵਾਰੀ ਆਪਣੀ ਛੋਟੀ ਭੈਣ ਨੂੰ ਸੌਂਪ ਦਿੱਤੀ ਹੈ। ਇੱਥੇ ਦੱਸ ਦਈਏ ਕਿ 36 ਸਾਲ ਦਾ ਨੇਤਾ 2011 ਤੋਂ ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਦੇ ਅਹੁਦੇ 'ਤੇ ਹੈ।

ਤਖਤਾਪਲਟ ਦਾ ਖਦਸ਼ਾ
ਚਾਂਗ ਸੋਂਗ ਮਿਨ ਨੇ ਕਿਮ ਦੇ ਜੋਂਗ ਦੇ ਰਾਜਨੀਤਕ ਮਾਮਲਿਆਂ ਦੇ ਸਕੱਤਰ ਦੇ ਤੌਰ 'ਤੇ ਆਪਣੀ ਜ਼ਿੰਮੇਵਾਰੀ ਨਿਭਾਈ ਸੀ। ਉਹ ਦੱਖਣੀ ਕੋਰੀਆ ਦੇ ਵਿਦੇਸ਼ੀ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੇ ਵਿਭਾਗ ਦੇ ਮੁਖੀ ਵੀ ਰਹੇ ਹਨ।ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਇਹ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਵਿਚ ਕੋਈ ਵੀ ਨੇਤਾ ਉਦੋ ਕੋਈ ਅਧਿਕਾਰ ਕਿਸੇ ਦੂਜੇ ਵਿਅਕਤੀ ਨੂੰ ਸੌਂਪਦਾ ਹੈ ਜਦੋਂ ਉਹ ਕਾਫੀ ਬੀਮਾਰ ਹੁੰਦਾ ਹੈ ਜਾਂ ਫਿਰ ਉਸ ਨੂੰ ਤਖਤਾਪਲਟ ਦੇ ਜ਼ਰੀਏ ਸੱਤਾ ਤੋਂ ਬੇਦਖਲ ਕਰ ਦਿੱਤਾ ਜਾਂਦਾ ਹੈ।

ਦੀ ਕੋਰੀਅਨ ਹੇਰਾਲਡ ਨੇ ਉਹਨਾਂ ਦੇ ਹਵਾਲੇ ਨਾਲ ਲਿਖਿਆ ਹੈ,''ਮੇਰਾ ਅਨੁਮਾਨ ਹੈ ਕਿ ਕਿਮ ਜੋਂਗ ਉਨ ਕੋਮਾ ਵਿਚ ਹਨ। ਪਰ ਉਹਨਾਂ ਦੀ ਜ਼ਿੰਦਗੀ ਹਾਲੇ ਖਤਮ ਨਹੀਂ ਹੋਈ ਹੈ।'' ਉਹਨਾਂ ਨੇ ਅੱਗੇ ਕਿਹਾ,''ਇਕ ਸੰਪੂਰਨ ਉੱਤਰਾਧਿਕਾਰ ਦਾ ਗਠਨ ਹਾਲੇ ਨਹੀਂ ਹੋਇਆ ਹੈ। ਇਸ ਲਈ ਕਿਮ ਯੋ ਜੋਂਗ ਨੂੰ ਖਾਲੀ ਜਗ੍ਹਾ ਭਰਨ ਲਈ ਲਿਆਂਦਾ ਗਿਆ ਹੈ। ਕਿਉਂਕਿ ਬਹੁਤ ਲੰਬੇ ਸਮੇਂ ਤੱਕ ਇੰਝ ਨਹੀਂ ਚੱਲ ਸਕਦਾ।'' 

ਚਾਂਗ ਨੇ ਦਾਅਵਾ ਕੀਤਾ ਕਿ ਚੀਨ ਵਿਚ ਮੌਜੂਦ ਇਕ ਸੂਤਰ ਵਲੋਂ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਕਿਮ ਕੋਮਾ ਵਿਚ ਹਨ। ਚਾਂਗ ਦਾ ਦਾਅਵਾ ਉਦੋਂ ਆਇਆ ਹੈ ਜਦੋਂ ਕਿਮ ਜੋਂਗ ਉਨ ਨੇ ਆਪਣੀ ਸਿਹਤ ਸਬੰਧੀ ਚੱਲ ਰਹੀਆਂ ਅਟਕਲਾਂ 'ਤੇ ਜਨਤਕ ਮੰਚ 'ਤੇ ਆ ਕੇ ਕੋਈ ਬਿਆਨ ਨਹੀਂ ਦਿੱਤਾ। ਭਾਵੇਂਕਿ ਕੇ.ਸੀ.ਐੱਨ.ਏ. ਦੀ ਰਿਪੋਰਟ ਦੇ ਮੁਤਾਬਕ 2 ਮਈ ਨੂੰ ਕਿਮ ਜੋਂਗ ਨੂੰ ਫਰਟੀਲਾਈਜ਼ਰ ਫੈਕਟਰੀ ਦਾ ਰਿਬਨ ਕਟਦਿਆਂ ਦੇਖਿਆ ਗਿਆ ਸੀ ਪਰ ਚਾਂਗ ਨੇ ਉਹਨਾਂ ਤਸਵੀਰਾਂ ਨੂੰ ਝੂਠਾ ਦੱਸਿਆ ਸੀ। 

ਉੱਤਰੀ ਕੋਰੀਆ ਵਿਚ ਕਾਫੀ ਸਮਾਂ ਬਿਤਾ ਚੁੱਕੇ ਪੱਤਰਕਾਰ ਰਾਏ ਕੈਲੀ ਨੇ ਦਾਅਵਾ ਕੀਤਾ ਕਿ ਉਸ ਦੇਸ਼ ਵਿਚ ਇਸ ਹੱਦ ਤੱਕ ਗੁਪਤਤਾ ਰੱਖੀ ਜਾਂਦੀ ਹੈ ਕਿ ਉੱਥੇ ਰਹਿਣ ਵਾਲਿਆਂ ਨੂੰ ਵੀ ਪਤਾ ਨਹੀਂ ਚੱਲਦਾ ਕਿ ਦੇਸ਼ ਵਿਚ ਕੀ ਹੋ ਰਿਹਾ ਹੈ । ਉਹਨਾਂ ਨੇ ਡੇਲੀ ਐਕਸਪ੍ਰੈੱਸ ਨਾਲ ਗੱਲਬਾਤ ਵਿਚ ਕਿਹਾ,''ਮੈਨੂੰ ਅਸਲ ਵਿਚ ਲੱਗਦਾ ਹੈ ਕਿ ਉਹਨਾਂ ਦੀ ਮੌਤ ਹੋ ਗਈ ਹੈ ਪਰ ਉਸ ਦੇਸ਼ ਦੇ ਬਾਰੇ ਵਿਚ ਕੁਝ ਨਹੀਂ ਕਿਹਾ ਜਾ ਸਕਦਾ।''


Vandana

Content Editor

Related News