''ਪੈਰੀਫਿਰਲ ਇਮਿਊਨ ਟੌਲਰੈਂਸ'' ਨਾਲ ਸਬੰਧਤ ਖੋਜਾਂ ਲਈ ਤਿੰਨ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ
Monday, Oct 06, 2025 - 04:36 PM (IST)

ਸਟਾਕਹੋਮ (ਏਪੀ) : ਮੈਰੀ ਈ. ਬਰੰਕੋ, ਫਰੈੱਡ ਰੈਮਸਡੇਲ ਅਤੇ ਸ਼ਿਮੋਨ ਸਾਕਾਗੁਚੀ ਨੂੰ 'ਪੈਰੀਫਿਰਲ ਇਮਿਊਨ ਟੌਲਰੈਂਸ' ਨਾਲ ਸਬੰਧਤ ਉਨ੍ਹਾਂ ਦੀਆਂ ਖੋਜਾਂ ਲਈ ਸੋਮਵਾਰ ਨੂੰ ਇਸ ਸਾਲ ਦਾ ਮੈਡੀਸਨ 'ਚ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਪੈਰੀਫਿਰਲ ਇਮਿਊਨ ਟੌਲਰੈਂਸ ਇੱਕ ਵਿਧੀ ਹੈ ਜੋ ਸਰੀਰ ਦੀ ਇਮਿਊਨ ਸਿਸਟਮ ਨੂੰ ਕੰਟਰੋਲ ਤੋਂ ਬਾਹਰ ਜਾਣ ਅਤੇ ਬਾਹਰੀ ਹਮਲਾਵਰਾਂ ਦੀ ਬਜਾਏ ਆਪਣੇ ਟਿਸ਼ੂਆਂ 'ਤੇ ਹਮਲਾ ਕਰਨ ਤੋਂ ਰੋਕਦੀ ਹੈ। ਇਹ 2025 ਦੇ ਨੋਬਲ ਪੁਰਸਕਾਰਾਂ ਦਾ ਪਹਿਲਾ ਐਲਾਨ ਹੈ ਅਤੇ ਸਟਾਕਹੋਮ ਵਿੱਚ ਕੈਰੋਲਿੰਸਕਾ ਇੰਸਟੀਚਿਊਟ ਦੀ ਇੱਕ ਕਮੇਟੀ ਨੇ ਨਾਮਜ਼ਦ ਵਿਅਕਤੀਆਂ ਦਾ ਐਲਾਨ ਕੀਤਾ ਹੈ। ਪਿਛਲੇ ਸਾਲ ਦਾ ਇਨਾਮ ਮਾਈਕ੍ਰੋਆਰਐਨਏ (ਰਾਈਬੋਨਿਊਕਲੀਕ ਐਸਿਡ) ਦੀ ਖੋਜ ਲਈ ਅਮਰੀਕੀ ਵਿਕਟਰ ਐਂਬਰੋਜ਼ ਅਤੇ ਗੈਰੀ ਰੁਵਕੁਨ ਨੂੰ ਸਾਂਝੇ ਤੌਰ 'ਤੇ ਦਿੱਤਾ ਗਿਆ ਸੀ। ਮਾਈਕ੍ਰੋਆਰਐਨਏ ਜੈਨੇਟਿਕ ਸਮੱਗਰੀ ਦੇ ਛੋਟੇ ਕਣ ਹਨ ਜੋ ਸੈੱਲਾਂ ਦੇ ਅੰਦਰ ਚਾਲੂ ਤੇ ਬੰਦ ਸਵਿੱਚਾਂ ਵਜੋਂ ਕੰਮ ਕਰਦੇ ਹਨ, ਸੈੱਲ ਕੀ ਕਰਦੇ ਹਨ ਤੇ ਕਦੋਂ ਕਰਦੇ ਹਨ ਨੂੰ ਨਿਯੰਤਰਿਤ ਕਰਨ 'ਚ ਮਦਦ ਕਰਦੇ ਹਨ।
ਭੌਤਿਕ ਵਿਗਿਆਨ 'ਚ ਨੋਬਲ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਮੰਗਲਵਾਰ ਨੂੰ ਰਸਾਇਣ ਵਿਗਿਆਨ ਬੁੱਧਵਾਰ ਨੂੰ ਅਤੇ ਸਾਹਿਤ ਵੀਰਵਾਰ ਨੂੰ ਕੀਤਾ ਜਾਵੇਗਾ। ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ ਅਤੇ ਅਰਥਸ਼ਾਸਤਰ ਵਿੱਚ ਨੋਬਲ ਮੈਮੋਰੀਅਲ ਪੁਰਸਕਾਰ 13 ਅਕਤੂਬਰ ਨੂੰ ਐਲਾਨਿਆ ਜਾਵੇਗਾ। ਪੁਰਸਕਾਰ ਸਮਾਰੋਹ 10 ਦਸੰਬਰ ਨੂੰ ਆਯੋਜਿਤ ਕੀਤਾ ਜਾਵੇਗਾ, ਜੋ ਕਿ ਇਨਾਮਾਂ ਦੀ ਸਥਾਪਨਾ ਕਰਨ ਵਾਲੇ ਅਲਫ੍ਰੇਡ ਨੋਬਲ ਦੀ ਮੌਤ ਦੀ ਵਰ੍ਹੇਗੰਢ ਹੈ। ਨੋਬਲ ਇੱਕ ਅਮੀਰ ਸਵੀਡਿਸ਼ ਉਦਯੋਗਪਤੀ ਅਤੇ ਡਾਇਨਾਮਾਈਟ ਦੇ ਖੋਜੀ ਸਨ। ਉਨ੍ਹਾਂ ਦੀ ਮੌਤ 1896 ਵਿੱਚ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e