ਬਾਲੀਵੁੱਡ ਸ਼ੈਲੀ ਦੀ ਕਹਾਣੀ ਘੜ ਕੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹੈ ਭਾਰਤ : ਪਾਕਿਸਤਾਨ
Thursday, Oct 16, 2025 - 02:30 PM (IST)

ਇਸਲਾਮਾਬਾਦ (ਭਾਸ਼ਾ)– ਪਾਕਿਸਤਾਨੀ ਫੌਜ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਭਾਰਤ ਬਾਲੀਵੁੱਡ ਸ਼ੈਲੀ ਦੀ ਕਹਾਣੀ ਘੜ ਕੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਬਿਆਨ ਭਾਰਤੀ ਫੌਜ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ (ਡੀ. ਜੀ. ਐੱਮ. ਓ.) ਲੈਫਟੀਨੈਂਟ ਜਨਰਲ ਰਾਜੀਵ ਘਈ ਦੁਆਰਾ ਮੰਗਲਵਾਰ ਨੂੰ ਕੀਤੀ ਗਈ ਉਸ ਟਿੱਪਣੀ ਤੋਂ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਪਾਕਿਸਤਾਨ ਫੌਜ ਦੁਆਰਾ ਮਰਨ ਉਪਰੰਤ ਦਿੱਤੇ ਗਏ ਪੁਰਸਕਾਰਾਂ ਦੀ ਇਕ ਸੂਚੀ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਗੁਆਂਢੀ ਦੇਸ਼ ਦੇ 100 ਤੋਂ ਵੱਧ ਫੌਜੀ ਆਪ੍ਰੇਸ਼ਨ ‘ਸਿੰਧੂਰ’ ਦੌਰਾਨ ਕੰਟਰੋਲ ਰੇਖਾ (ਐੱਲ. ਓ. ਸੀ.) ’ਤੇ ਮਾਰੇ ਗਏ ਸਨ।
ਪਾਕਿਸਤਾਨੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਦੁੱਖਦਾਈ ਹੈ ਕਿ ਇਕ ਪ੍ਰਮਾਣੂ ਹਥਿਆਰ ਸੰਪੰਨ ਦੇਸ਼ ਦੀ ਫੌਜੀ ਲੀਡਰਸ਼ਿਪ ਗੈਰ-ਜ਼ਿੰਮੇਵਾਰਾਨਾ ਬਿਆਨ ਦੇ ਰਹੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਲੀਡਰਸ਼ਿਪ ਬਾਲੀਵੁੱਡ ਸ਼ੈਲੀ ਦੀ ਕਹਾਣੀ ਘੜ ਕੇ ਇਤਿਹਾਸ ਨੂੰ ਆਪਣੀ ਪਸੰਦ ਅਨੁਸਾਰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਬੇਲੋੜੀ ਸ਼ੇਖੀ ਅਤੇ ਅਣਉਚਿਤ ਬਿਆਨਬਾਜ਼ੀ ਦੱਖਣੀ ਏਸ਼ੀਆ ਵਿਚ ਰਾਸ਼ਟਰਵਾਦ ਦਾ ਇਕ ਨਵਾਂ ਚੱਕਰ ਸ਼ੁਰੂ ਕਰਨ ਦੇ ਨਾਲ ਹੀ ਸ਼ਾਂਤੀ ਅਤੇ ਸਥਿਰਤਾ ਲਈ ਗੰਭੀਰ ਖਤਰਾ ਪੈਦਾ ਕਰ ਸਕਦੀ ਹੈ।