ਜਲਦ ਖਤਮ ਹੋਵੇਗੀ ਕੋਰੋਨਾ ਦੀ ਤ੍ਰਾਸਦੀ, ਅਮਰੀਕੀ ਨੋਬਲ ਵਿਜੇਤਾ ਨੇ ਕੀਤੀ ਭਵਿੱਖਬਾਣੀ

03/26/2020 10:40:46 AM

ਵਾਸ਼ਿੰਗਟਨ- ਨੋਬਲ ਪੁਰਸਕਾਰ ਨਾਲ ਸਨਮਾਨਿਤ ਤੇ ਸਟੈਨਫੋਰਡ ਬਾਇਓਫਿਜ਼ਿਸਟ ਮਾਈਕਲ ਲੇਵਿਟ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦਾ ਦੁਨੀਆ ਵਿਚ ਸਭ ਤੋਂ ਬੁਰਾ ਦੌਰ ਸ਼ਾਇਦ ਪਹਿਲਾਂ ਹੀ ਖਤਮ ਹੋ ਚੁੱਕਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਨਾਲ ਜਿੰਨਾਂ ਬੁਰਾ ਹੋਣਾ ਸੀ, ਉਹ ਹੋ ਚੁੱਕਿਆ ਹੈ ਤੇ ਹੁਣ ਹਾਲਾਤ ਹੌਲੀ-ਹੌਲੀ ਸੁਧਰਣਗੇ।

PunjabKesari

ਲਾਸ ਏਂਜਲਸ ਟਾਈਮਸ ਨਾਲ ਗੱਲਬਾਤ ਵਿਚ ਮਾਈਕਲ ਨੇ ਕਿਹਾ ਕਿ ਅਸਲੀ ਸਥਿਤੀ ਉਨੀਂ ਭਿਆਨਕ ਨਹੀਂ ਹੈ, ਜਿੰਨਾਂ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਹਰ ਪਾਸੇ ਡਰ ਤੇ ਚਿੰਤਾ ਦੇ ਮਾਹੌਲ ਵਿਚ ਲੇਵਿਟ ਦਾ ਇਹ ਬਿਆਨ ਬਹੁਤ ਸਕੂਨ ਦੇਣ ਵਾਲਾ ਹੈ। ਉਹਨਾਂ ਦਾ ਬਿਆਨ ਇਸ ਲਈ ਵੀ ਅਹਿਮ ਹੈ ਕਿਉਂਕਿ ਚੀਨ ਵਿਚ ਕੋਰੋਨਾਵਾਇਰਸ ਤੋਂ ਉਭਰਣ ਨੂੰ ਲੈ ਕੇ ਉਹਨਾਂ ਦੀ ਭਵਿੱਖਬਾਣੀ ਸਹੀ ਸਾਬਿਤ ਹੋਈ ਹੈ। ਸਾਰੇ ਸਿਹਤ ਮਾਹਰ ਦਾਅਵਾ ਕਰ ਰਹੇ ਸਨ ਕਿ ਕੋਰੋਨਾਵਾਇਰਸ 'ਤੇ ਕਾਬੂ ਕਰਨ ਵਿਚ ਲੰਬਾ ਸਮਾਂ ਲੱਗੇਗਾ ਪਰ ਲੇਵਿਟ ਨੇ ਇਸ ਬਾਰੇ ਵਿਚ ਬਿਲਕੁੱਲ ਸਹੀ ਅੰਦਾਜ਼ਾ ਲਾਇਆ।

PunjabKesari

ਲੇਵਿਟ ਨੇ ਫਰਵਰੀ ਵਿਚ ਲਿਖਿਆ ਸੀ ਕਿ ਹਰ ਦਿਨ ਚੀਨ ਵਿਚ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਨਾਲ ਸਾਬਿਤ ਹੁੰਦਾ ਹੈ ਕਿ ਅਗਲੇ ਹਫਤੇ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘਟਣ ਲੱਗੇਗੀ। ਉਹਨਾਂ ਦੀ ਭਵਿੱਖਬਾਣੀ ਦੇ ਮੁਤਾਬਕ ਹਰ ਦਿਨ ਮੌਤਾਂ ਦੀ ਗਿਣਤੀ ਵਿਚ ਕਮੀ ਆਉਣ ਲੱਗੀ ਹੈ। ਦੁਨੀਆ ਦੇ ਕਈ ਮਾਹਰਾਂ ਦੇ ਅੰਦਾਜ਼ੇ ਦੇ ਉਲਟ ਚੀਨ ਜਲਦੀ ਹੀ ਆਪਣੇ ਪੈਰਾਂ 'ਤੇ ਮੁੜ ਖੜ੍ਹਾ ਹੋ ਗਿਆ। ਦੋ ਮਹੀਨੇ ਦੇ ਲਾਕਡਾਊਨ ਤੋਂ ਬਾਅਦ ਕੋਰੋਨਾਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੁਬੇਈ ਸੂਬਾ ਵੀ ਖੁੱਲਣ ਵਾਲਾ ਹੈ। ਅਸਲ ਵਿਚ ਲੇਵਿਟ ਨੇ ਚੀਨ ਵਿਚ ਕੋਰੋਨਾਵਾਇਰਸ ਕਾਰਨ 3250 ਮੌਤਾਂ ਤੇ 80 ਹਜ਼ਾਰ ਮਾਮਲਿਆਂ ਦਾ ਅੰਦਾਜ਼ਾ ਲਾਇਆ ਸੀ ਜਦਕਿ ਮਾਹਰ ਲੱਖਾਂ ਮੌਤਾਂ ਦਾ ਅੰਦਾਜ਼ਾ ਲਾ ਰਹੇ ਸਨ। ਮੰਗਲਵਾਰ ਤੱਕ ਚੀਨ ਵਿਚ 3,277 ਮੌਤਾਂ ਤੇ 81,171 ਮਾਮਲੇ ਸਾਹਮਣੇ ਆਏ ਹਨ।

PunjabKesari

ਹੁਣ ਲੇਵਿਟ ਪੂਰੀ ਦੁਨੀਆ ਵਿਚ ਵੀ ਚੀਨ ਵਾਲਾ ਟ੍ਰੈਂਡ ਹੀ ਦੇਖ ਰਹੇ ਹਨ। 78 ਦੇਸ਼ ਜਿਥੇ ਹਰ ਰੋਜ਼ 50 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਦੇ ਡਾਟਾ ਦੀ ਸਮੀਖਿਆ ਦੇ ਆਧਾਰ 'ਤੇ ਉਹ ਕਹਿੰਦੇ ਹਨ ਕਿ ਜ਼ਿਆਦਾਤਰ ਥਾਵਾਂ 'ਤੇ ਰਿਕਵਰੀ ਦੇ ਸੰਕੇਤ ਨਜ਼ਰ ਆ ਰਹੇ ਹਨ। ਉਹਨਾਂ ਦੀ ਸਮੀਖਿਆ ਹਰ ਦੇਸ਼ ਵਿਚ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ 'ਤੇ ਨਹੀਂ ਬਲਕਿ ਹਰ ਦਿਨ ਆ ਰਹੇ ਨਵੇਂ ਮਾਮਲਿਆਂ 'ਤੇ ਆਧਾਰਿਤ ਹੈ। ਲੇਵਿਟ ਕਹਿੰਦੇ ਹਨ ਕਿ ਚੀਨ ਤੇ ਦੱਖਣੀ ਕੋਰੀਆ ਵਿਚ ਨਵੇਂ ਮਾਮਲਿਆਂ ਦੀ ਗਿਣਤੀ ਲਗਾਤਾਰ ਡਿੱਗ ਰਹੀ ਹੈ। ਅੰਕੜਾ ਅਜੇ ਵੀ ਪਰੇਸ਼ਾਨ ਕਰਨ ਵਾਲਾ ਹੈ ਪਰ ਇਸ ਵਿਚ ਵਾਧੇ ਦੀ ਦਰ ਹੌਲੀ ਹੋਣ ਦੇ ਸਾਫ ਸੰਕੇਤ ਹਨ। ਵਿਗਿਆਨੀ ਲੇਵਿਟ ਇਸ ਗੱਲ ਨੂੰ ਵੀ ਮੰਨਦੇ ਹਨ ਕਿ ਅੰਕੜੇ ਵੱਖਰੇ ਹੋ ਸਕਦੇ ਹਨ ਤੇ ਕਈ ਦੇਸ਼ਾਂ ਵਿਚ ਅਧਿਕਾਰਿਤ ਅੰਕੜਾ ਇਸ ਲਈ ਬਹੁਤ ਘੱਟ ਹੈ ਕਿਉਂਕਿ ਟੈਸਟਿੰਗ ਘੱਟ ਹੋ ਰਹੀ ਹੈ। ਹਾਲਾਂਕਿ ਉਹਨਾਂ ਦਾ ਮੰਨਣਾ ਹੈ ਕਿ ਅਧੂਰੇ ਅੰਕੜਿਆਂ ਦੇ ਬਾਵਜੂਦ ਲਗਾਤਾਰ ਗਿਰਾਵਟ ਦਾ ਇਹ ਹੀ ਮਤਲਬ ਹੈ ਕਿ ਕੁਝ ਹੈ ਜੋ ਇਸ ਨੂੰ ਘਟਾ ਰਿਹਾ ਹੈ ਤੇ ਇਹ ਸਿਰਫ ਨੰਬਰ ਗੇਮ ਨਹੀਂ ਹੈ।

PunjabKesari

ਲੇਵਿਟ ਦੀਆਂ ਇਹ ਗੱਲਾਂ ਦਿਲ ਨੂੰ ਬਹੁਤ ਤਸੱਲੀ ਦੇਣ ਵਾਲੀਆਂ ਹਨ। ਉਹਨਾਂ ਨੇ ਕਿਹਾ ਕਿ ਪੈਨਿਕ ਕੰਟਰੋਲ ਕਰਨਾ ਸਭ ਤੋਂ ਅਹਿਮ ਹੈ। ਅਸੀਂ ਬਿਲਕੁੱਲ ਠੀਕ ਹੋਣ ਜਾ ਰਹੇ ਹਾਂ। 2013 ਵਿਚ ਰਸਾਇਣ ਦੇ ਖੇਤਰ ਵਿਚ ਨੋਬਲ ਪੁਰਸਕਾਰ ਜਿੱਤਣ ਵਾਲੇ ਲੇਵਿਟ ਸਾਰੇ ਵਿਗਿਆਨੀਆਂ ਤੇ ਮੈਡੀਕਲ ਮਾਹਰਾਂ ਦੀ ਉਸ ਭਵਿੱਖਬਾਣੀ ਨੂੰ ਖਾਰਿਜ ਕਰ ਰਹੇ ਹਨ, ਜਿਹਨਾਂ ਵਿਚ ਕਿਹਾ ਗਿਆ ਹੈ ਕਿ ਦੁਨੀਆ ਦਾ ਅੰਤ ਹੋਣ ਵਾਲਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਰਾ ਡਾਟਾ ਇਸ ਗੱਲ ਦਾ ਸਮਰਥਨ ਨਹੀਂ ਕਰਦਾ। ਲੇਵਿਟ ਨੂੰ ਕੋਰੋਨਾਵਾਇਰਸ ਕਾਰਨ ਹੌਲੀ ਹੋਏ ਆਰਥਿਕ ਵਿਕਾਸ ਨੂੰ ਲੈ ਕੇ ਸਭ ਤੋਂ ਵਧੇਰੇ ਚਿੰਤਾ ਹੈ। ਦੁਨੀਆ ਭਰ ਵਿਚ ਆਰਥਿਕ ਗਤੀਵਿਧੀਆਂ ਠੱਪ ਹੋ ਗਈਆਂ ਹਨ ਤੇ ਉਤਪਾਦਨ ਸੁਸਤ ਪੈ ਗਿਆ ਹੈ।


Baljit Singh

Content Editor

Related News