ਨਿਊਜ਼ੀਲੈਂਡ 'ਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਸਾਹਮਣੇ

Monday, May 04, 2020 - 10:28 AM (IST)

ਨਿਊਜ਼ੀਲੈਂਡ 'ਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਸਾਹਮਣੇ

ਆਕਲੈਂਡ- ਪਿਛਲੇ 24 ਘੰਟਿਆਂ ਦੌਰਾਨ ਨਿਊਜ਼ੀਲੈਂਡ ਵਿੱਚ ਕੋਰੋਨਾ ਵਾਇਰਸ (ਕੋਵਿਡ 19)ਦਾ ਕੋਈ ਨਵੇਂ ਮਾਮਲਾ ਸਾਹਮਣੇ ਨਹੀਂ ਆਇਆ। ਡਾਇਰੈਕਟਰ ਜਨਰਲ (ਸਿਹਤ) ਐਸ਼ਲੇ ਬਲੂਮਫੀਲਡ ਨੇ ਸੋਮਵਾਰ ਨੂੰ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, "ਇਹ ਪਹਿਲਾ ਦਿਨ ਹੈ ਜਦੋਂ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਸਥਿਤੀ ਬਣੀ ਰਹੇ। ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਕਿਸੇ ਦੀ ਮੌਤ ਦੀ ਹਾਲ ਵਿਚ ਕੋਈ ਰਿਪੋਰਟ ਨਹੀਂ ਹੈ।" ਦਿ ਨਿਊਜ਼ੀਲੈਂਡ ਹੈਰਾਲਡ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਲਗਭਗ ਛੇ ਹਫ਼ਤਿਆਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਕੋਈ ਮਾਮਲਾ ਨਹੀਂ ਦਰਜ ਕੀਤਾ ਗਿਆ, ਜੋ ਰਾਹਤ ਦੀ ਖਬਰ ਹੈ। 

ਪ੍ਰਧਾਨ ਮੰਤਰੀ ਜੈਸਿੰਡਾ ਐਡਰਨ ਨੇ ਕਿਹਾ ਕਿ ਮੌਜੂਦਾ ਅਲਰਟ ਲੈਵਲ 3 ਦੀ 11 ਮਈ ਨੂੰ ਸਮੀਖਿਆ ਕੀਤੀ ਜਾਵੇਗੀ। ਨਿਊਜ਼ੀਲੈਂਡ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 1,487 ਹੈ ਅਤੇ ਹੁਣ ਤੱਕ ਇਸ ਦੇ ਸੰਕਰਮਣ ਨਾਲ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਨਿਊਜ਼ੀਲੈਂਡ ਸਰਕਾਰ ਨੇ ਕੋਰੋਨਾ ਨੂੰ ਰੋਕਣ ਲਈ ਵੱਡੇ ਪੱਧਰ 'ਤੇ ਸਖਤ ਕਦਮ ਚੁੱਕੇ ਹਨ।

ਨਿਊਜ਼ੀਲੈਂਡ ਨੇ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਸਨ ਅਤੇ ਮਹੀਨੇ ਭਰ ਲਈ ਸਖਤ ਲਾਕਡਾਊਨ ਲਾਗੂ ਕਰ ਦਿੱਤਾ ਸੀ। ਪਿਛਲੇ ਹਫਤੇ ਲਾਕਡਾਊਨ ਦੇ ਨਿਯਮਾਂ ਵਿਚ ਢਿੱਲ ਦਿੱਤੀ ਸੀ ਤਾਂ ਕਿ ਆਰਥਿਕ ਗਤੀਵਿਧੀਆਂ ਸ਼ੁਰੂ ਹੋ ਸਕਣ।


author

Lalita Mam

Content Editor

Related News