ਬੰਗਲਾਦੇਸ਼ ''ਚ ਬਿਨਾਂ ਹੈਲਮਟ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਨਹੀਂ ਮਿਲੇਗਾ ਪੈਟਰੋਲ

Wednesday, Sep 05, 2018 - 03:57 PM (IST)

ਬੰਗਲਾਦੇਸ਼ ''ਚ ਬਿਨਾਂ ਹੈਲਮਟ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਨਹੀਂ ਮਿਲੇਗਾ ਪੈਟਰੋਲ

ਢਾਕਾ (ਭਾਸ਼ਾ)— ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਪੈਟਰੋਲ ਪੰਪਾਂ 'ਤੇ ਹੈਲਮਟ ਪਹਿਨ ਕੇ ਨਾ ਆਉਣ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਪੈਟਰੋਲ ਨਹੀਂ ਦਿੱਤਾ ਜਾਵੇਗਾ। ਪੁਲਸ ਨੇ ਦੱਸਿਆ ਕਿ ਇਹ ਕਦਮ ਪਿਛਲੇ ਮਹੀਨੇ ਖਰਾਬ ਸੜਕ ਸੁਰੱਖਿਆ ਨੂੰ ਲੈ ਕੇ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਚੁੱਕਿਆ ਗਿਆ ਹੈ। ਓਧਰ ਢਾਕਾ ਦੇ ਮੈਟਰੋਪੋਲਿਟਨ ਪੁਲਸ ਕਮਿਸ਼ਨਰ ਅਸਦੁੱਜਮਨ ਮੀਆਂ ਨੇ ਦੱਸਿਆ, ''ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਹੈ ਕਿ ਬਿਨਾਂ ਹੈਲਮਟ ਵਾਲੇ ਕਿਸੇ ਵੀ ਮੋਟਰਸਾਈਕਲ ਸਵਾਰ ਨੂੰ ਪੈਟਰੋਲ ਨਾ ਦਿੱਤਾ ਜਾਵੇ।'' ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਕ ਮੋਟਰਸਾਈਕਲ 'ਤੇ ਦੋ ਲੋਕਾਂ ਨੂੰ ਸਵਾਰ ਹੋਣ ਅਤੇ ਪਿੱਛੇ ਬੈਠੇ ਵਿਅਕਤੀ ਨੂੰ ਵੀ ਹੈਲਮਟ ਪਹਿਨਣਾ ਜ਼ਰੂਰੀ ਹੈ। 

ਦੱਸਣਯੋਗ ਹੈ ਕਿ ਅਗਸਤ ਮਹੀਨੇ ਤੇਜ਼ ਰਫਤਾਰ ਇਕ ਬੱਸ ਦੀ ਲਪੇਟ 'ਚ ਆਉਣ ਕਾਰਨ ਦੋ ਨਾਬਾਲਗ ਪੈਦਲ ਯਾਤਰੀਆਂ ਦੀ ਮੌਤ ਤੋਂ ਬਾਅਦ ਪੂਰੇ ਢਾਕਾ ਵਿਚ ਸਕੂਲੀ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਸੀ। ਵਿਦਿਆਰਥੀਆਂ ਨੇ ਖਰਾਬ ਸੜਕ ਸੁਰੱਖਿਆ ਅਤੇ ਭ੍ਰਿਸ਼ਟਾਚਾਰ ਵਿਚ ਡੁੱਬੇ ਟਰਾਂਸਪੋਰਟ ਨੈੱਟਵਰਕ ਨੂੰ ਬਿਹਤਰ ਬਣਾਉਣ ਦੀ ਮੰਗ ਨੂੰ ਲੈ ਕੇ ਸੜਕਾਂ ਨੂੰ ਜਾਮ ਕੀਤਾ ਸੀ। ਇਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਕੈਬਨਿਟ ਨੇ ਅਪਰਾਧੀਆਂ ਨੂੰ ਸਖਤ ਸਜ਼ਾ ਦੇਣ ਲਈ ਇਕ ਨਵੇਂ ਟਰਾਂਸਪੋਰਟ ਕਾਨੂੰਨ ਨੂੰ ਮਨਜ਼ੂਰੀ ਦਿੱਤੀ। ਹਾਦਸਿਆਂ 'ਤੇ ਨਜ਼ਰ ਰੱਖਣ ਵਾਲੇ ਇਕ ਨਿੱਜੀ ਸਮੂਹ ਦੇ ਮੁਤਾਬਕ ਬੰਗਲਾਦੇਸ਼ ਹਾਈਵੇਅ 'ਤੇ ਹਰ ਸਾਲ ਸੜਕ ਹਾਦਸਿਆਂ 'ਚ ਕਰੀਬ 12,000 ਲੋਕ ਮਾਰੇ ਜਾਂਦੇ ਹਨ। ਪਿਛਲੇ ਮਹੀਨੇ ਈਦ-ਉਲ ਜੁਹਾ 'ਤੇ ਕਰੀਬ 13 ਦਿਨਾਂ ਵਿਚ ਹੋਏ 237 ਸੜਕ ਹਾਦਸਿਆਂ ਵਿਚ 259 ਲੋਕ ਮਾਰੇ ਗਏ, ਜਦਕਿ 960 ਦੇ ਕਰੀਬ ਜ਼ਖਮੀ ਹੋਏ।


Related News