ਸਵੀਡਨ ਦੀ ਨਾਟੋ ਮੈਂਬਰਸ਼ਿਪ ''ਤੇ ਤੁਰਕੀ ਦੇ ਰੁਖ਼ ''ਚ ਕੋਈ ਬਦਲਾਅ ਨਹੀਂ: ਏਰਦੋਗਨ
Thursday, Jun 15, 2023 - 01:02 PM (IST)

ਅੰਕਾਰਾ (ਭਾਸ਼ਾ) : ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਕਿਹਾ ਕਿ ਨਾਟੋ ਨੂੰ ਫ਼ੌਜੀ ਸੰਗਠਨ ਵਿਚ ਸ਼ਾਮਲ ਹੋਣ ਦੀ ਸਵੀਡਨ ਦੀ ਅਰਜ਼ੀ 'ਤੇ ਉਨ੍ਹਾਂ ਦੇ ਦੇਸ਼ ਦੀ ਸਹਿਮਤੀ ਜੁਲਾਈ ਵਿਚ ਹੋਣ ਵਾਲੇ ਸੰਮੇਲਨ ਤੋਂ ਪਹਿਲਾਂ ਮਿਲਣ ਦੀ ਉਮੀਦ ਨਹੀਂ ਲਗਾਉਣੀ ਚਾਹੀਦੀ, ਕਿਉਂਕਿ ਸਵੀਡਨ ਨੇ ਅਜੇ ਤੱਕ ਉਨ੍ਹਾਂ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਪੂਰੀ ਤਰ੍ਹਾਂ ਹੱਲ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਫਰਵਰੀ 2022 'ਚ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਸਵੀਡਨ ਅਤੇ ਫਿਨਲੈਂਡ ਨੇ ਮਿਲ ਕੇ ਨਾਟੋ ਦੀ ਮੈਂਬਰਸ਼ਿਪ ਲਈ ਅਰਜ਼ੀ ਦਿੱਤੀ ਸੀ।
ਤੁਰਕੀ ਦੀ ਸੰਸਦ ਵੱਲੋਂ ਫਿਨਲੈਂਡ ਦੀ ਬੇਨਤੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਫਿਨਲੈਂਡ ਅਪ੍ਰੈਲ ਵਿੱਚ ਨਾਟੋ ਦਾ 31ਵਾਂ ਮੈਂਬਰ ਬਣ ਗਿਆ, ਪਰ ਤੁਰਕੀ ਨੇ ਅਜੇ ਸਵੀਡਨ ਦੀ ਅਰਜ਼ੀ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਨਾਟੋ ਚਾਹੁੰਦਾ ਹੈ ਕਿ ਲਿਥੁਆਨੀਆ ਦੀ ਰਾਜਧਾਨੀ ਵਿੱਚ 11-12 ਜੁਲਾਈ ਨੂੰ ਹੋਣ ਵਾਲੀ ਉਸ ਦੀ ਬੈਠਕ ਤੋਂ ਪਹਿਲਾਂ ਸਵੀਡਨ ਸੰਗਠਨ ਦਾ ਹਿੱਸਾ ਬਣ ਜਾਏ। ਅਜ਼ਰਬਾਈਜਾਨ ਦੇ ਅਧਿਕਾਰਤ ਦੌਰੇ ਤੋਂ ਵਾਪਸੀ 'ਤੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਏਰਦੋਗਨ ਨੇ ਕਿਹਾ ਕਿ ਸਵੀਡਨ ਦੀ ਮੈਂਬਰਸ਼ਿਪ 'ਤੇ ਤੁਰਕੀ ਦਾ ਰੁਖ਼ 'ਸਕਾਰਾਤਮਕ' ਨਹੀਂ ਹੈ।