ਹੋਰਮੁਜ਼ ਰਾਹੀਂ ਭਾਰਤੀ ਜਹਾਜ਼ਾਂ ਦੇ ਲੰਘਣ ’ਤੇ ਕੋਈ ਰੋਕ ਨਹੀਂ : ਈਰਾਨ
Friday, May 01, 2026 - 04:09 AM (IST)
ਨਵੀਂ ਦਿੱਲੀ : ਭਾਰਤ ਵਿਚ ਈਰਾਨ ਦੇ ਰਾਜਦੂਤ ਡਾ. ਮੁਹੰਮਦ ਫ਼ਤਹਾਲੀ ਨੇ ਕਿਹਾ ਹੈ ਕਿ ਸੰਘਰਸ਼ ਦੇ ਬਾਵਜੂਦ ਈਰਾਨ ਹੋਰਮੁਜ਼ ਸਟ੍ਰੇਟ ’ਚ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਮੇਤ ਸਾਰੇ ਮਿੱਤਰ ਦੇਸ਼ਾਂ ਦੇ ਜਹਾਜ਼ਾਂ ’ਤੇ ਕਿਸੇ ਕਿਸਮ ਦੀ ਕੋਈ ਰੋਕ ਨਹੀਂ ਹੈ।
ਇਕ ਇੰਟਰਵਿਊ ਵਿਚ ਫ਼ਤਹਾਲੀ ਨੇ ਕਿਹਾ ਕਿ ਜੋ ਦੇਸ਼ ਈਰਾਨ ਵਿਰੁੱਧ ਅਮਰੀਕਾ-ਇਜ਼ਰਾਈਲ ਦੀ ਕਾਰਵਾਈ ਵਿਚ ਸ਼ਾਮਲ ਨਹੀਂ ਹਨ, ਉਨ੍ਹਾਂ ਦੇ ਜਹਾਜ਼ ਆਮ ਵਾਂਗ ਹੋਰਮੁਜ਼ ਰਾਹੀਂ ਲੰਘ ਸਕਦੇ ਹਨ। ਕਈ ਭਾਰਤੀ ਜਹਾਜ਼ ਪਹਿਲਾਂ ਹੀ ਇਸ ਰਸਤੇ ਤੋਂ ਲੰਘ ਚੁੱਕੇ ਹਨ। ਹਾਲਾਂਕਿ ਸਾਰੇ ਜਹਾਜ਼ਾਂ ਲਈ ਨਿਰਧਾਰਤ ਅੰਤਰਰਾਸ਼ਟਰੀ ਨੇਵੀਗੇਸ਼ਨ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।
ਉਨ੍ਹਾਂ ਨੇ ਚਾਬਹਾਰ ਪੋਰਟ ਨੂੰ ਖੇਤਰੀ ਸੰਪਰਕ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਇਹ ਪ੍ਰਾਜੈਕਟ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਕਦੇ ਰੁਕਿਆ ਨਹੀਂ ਹੈ। ਫ਼ਤਹਾਲੀ ਅਨੁਸਾਰ ਚਾਬਹਾਰ-ਜ਼ਾਹੇਦਾਨ ਰੇਲਵੇ ਲਾਈਨ ਦਾ ਲਗਭਗ 90 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਜਲਦੀ ਹੀ ਰੇਲ ਲਾਈਨ ਵਿਛਾਉਣ ਦਾ ਕੰਮ ਖ਼ਤਮ ਹੋ ਜਾਵੇਗਾ। ਇਸ ਰੇਲ ਲਿੰਕ ਦੇ ਮੁਕੰਮਲ ਹੋਣ ਤੋਂ ਬਾਅਦ ਚਾਬਹਾਰ ਪੋਰਟ ਸਿੱਧਾ ਈਰਾਨ ਦੇ ਰਾਸ਼ਟਰੀ ਰੇਲ ਨੈੱਟਵਰਕ ਨਾਲ ਜੁੜ ਜਾਵੇਗਾ। ਇਸ ਤੋਂ ਇਲਾਵਾ ਬੰਦਰਗਾਹ ਦੇ ਆਲੇ-ਦੁਆਲੇ ਹਸਪਤਾਲ ਅਤੇ ਹੋਟਲ ਵਰਗੀਆਂ ਸਹੂਲਤਾਂ ਦਾ ਨਿਰਮਾਣ ਵੀ ਜਾਰੀ ਹੈ, ਜਿਨ੍ਹਾਂ ਨੂੰ 2026 ਦੇ ਅੰਤ ਤੱਕ ਪੂਰਾ ਕਰਨ ਦਾ ਟੀਚਾ ਹੈ।
ਅਸੀਂ ਭਾਰਤੀਆਂ ਅਤੇ ਆਪਣੇ ਨਾਗਰਿਕਾਂ ’ਚ ਕੋਈ ਭੇਦਭਾਵ ਨਹੀਂ ਕਰਦੇ
ਭਾਰਤ ਵਿਚ ਈਰਾਨ ਦੇ ਰਾਜਦੂਤ ਡਾ. ਮੁਹੰਮਦ ਫ਼ਤਹਾਲੀ ਨੇ ਕਿਹਾ ਕਿ ਈਰਾਨ ਵਿਚ ਰਹਿ ਰਹੇ ਕਰੀਬ 10 ਹਜ਼ਾਰ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਈਰਾਨ ਭਾਰਤੀਆਂ ਅਤੇ ਆਪਣੇ ਨਾਗਰਿਕਾਂ ਵਿਚ ਕੋਈ ਫ਼ਰਕ ਨਹੀਂ ਸਮਝਦਾ ਅਤੇ ਸਾਰੇ ਧਰਮਾਂ ਨੂੰ ਪੂਰੀ ਆਜ਼ਾਦੀ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਖਾਸ ਤੌਰ ’ਤੇ ਸਿੱਖ ਭਾਈਚਾਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਆਪਣੇ ਧਾਰਮਿਕ ਅਸਥਾਨਾਂ, ਜਿਵੇਂ ਕਿ ਤਹਿਰਾਨ ਦੇ ਗੁਰਦੁਆਰਿਆਂ ’ਚ ਪੂਰੀ ਆਜ਼ਾਦੀ ਨਾਲ ਪੂਜਾ-ਅਰਚਨਾ ਕਰ ਸਕਦੇ ਹਨ।
