ਅਦਾਲਤ ''ਚ ਇਕ ਹੋਰ ਪਟੀਸ਼ਨ ਦਾਇਰ ਕਰਨ ਜਾ ਰਿਹੈ ਭਗੌੜਾ ਨੀਰਵ ਮੋਦੀ

05/01/2019 1:22:56 AM

ਲੰਡਨ— ਪੰਜਾਬ ਨੈਸ਼ਨਲ ਬੈਂਕ ਘੋਟਾਲਾ ਮਾਮਲੇ 'ਚ ਭਗੌੜਾ ਨੀਰਵ ਮੋਦੀ ਬ੍ਰਿਟੇਨ ਦੀ ਅਦਾਲਤ 'ਚ ਇਕ ਹੋਰ ਜ਼ਮਾਨਤ ਪਟੀਸ਼ਨ ਦਾਖਲ ਕਰਨ ਜਾ ਰਿਹਾ ਹੈ। ਬ੍ਰਿਟੇਨ 'ਚ ਉਸ ਦੀ ਭਾਰਤ ਹਵਾਲਗੀ ਦੀ ਪ੍ਰਕਿਰਿਆ ਜਾਰੀ ਹੈ। ਦੱਸਣਯੋਗ ਹੈ ਕਿ ਨੀਰਵ ਮੋਦੀ ਨੂੰ 19 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਉਦੋਂ ਤੋਂ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ 'ਚ ਬੰਦ ਹੈ। ਉਨ੍ਹਾਂ ਦੀਆਂ ਦੋ ਜ਼ਮਾਨਤ ਪਟੀਸ਼ਨਾਂ ਪਹਿਲਾਂ ਹੀ ਖਾਰਿਜ ਹੋ ਚੁੱਕੀਆਂ ਹਨ।

ਬ੍ਰਿਟਿਸ਼ ਅਦਾਲਤ 'ਚ ਭਾਰਤ ਦਾ ਪੱਖ ਰੱਖ ਰਹੀ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੇ ਬੁਲਾਰੇ ਨੇ ਦੱਸਿਆ ਕਿ ਹੁਣ 8 ਮਈ ਨੂੰ ਲੰਡਨ ਦੀ ਵੈਸਟਮਿੰਸਟਰ ਕੋਰਟ ਦੀ ਚੀਫ ਮੈਜਿਸਟ੍ਰੇਟ ਐਮਾ ਅਰਬਥਨਾਟ ਉਸ ਦੀ ਤੀਜੀ ਪਟੀਸ਼ਨ 'ਤੇ ਸੁਣਵਾਈ ਕਰੇਗੀ। 26 ਅਪ੍ਰੈਲ ਨੂੰ ਪਿਛਲੀ ਸੁਣਵਾਈ ਦੌਰਾਨ ਨੀਰਵ ਮੋਦੀ ਦੀ ਵੀਡੀਓ ਲਿੰਕ ਰਾਹੀਂ ਜੇਲ ਤੋਂ ਵੈਸਮਿੰਸਟਰ ਅਦਾਲਤ 'ਚ ਪੇਸ਼ੀ ਹੋਈ ਸੀ, ਪਰ ਉਸ ਦਿਨ ਨੀਰਵ ਮੋਦੀ ਦੇ ਵਕੀਲਾਂ ਦੀ ਟੀਮ ਨੇ ਜ਼ਮਾਨਤ ਦੀ ਕੋਈ ਪਟੀਸ਼ਨ ਨਹੀਂ ਦਿੱਤੀ ਸੀ। ਲਿਹਾਜ਼ਾ ਅਦਾਲਤ ਨੇ ਉਸ ਦੀ ਨਿਆਂਇਕ ਹਿਰਾਸਤ ਦੀ ਮਿਆਦ 24 ਮਈ ਤੱਕ ਵਧਾ ਦਿੱਤੀ ਸੀ।

ਇਸ ਆਧਾਰ 'ਤੇ ਹੋਈ ਸੀ ਜ਼ਮਾਨਤ ਪਟੀਸ਼ਨ ਖਾਰਿਜ
ਵੈਸਟਮਿੰਸਟਰ ਕੋਰਟ ਨੇ 29 ਮਾਰਚ ਨੂੰ ਨੀਰਵ ਮੋਦੀ ਦੀ ਦੂਜੀ ਜ਼ਮਾਨਤ ਪਟੀਸ਼ਨ ਇਸ ਆਧਾਰ 'ਤੇ ਖਾਰਿਜ ਕਰ ਦਿੱਤੀ ਸੀ ਕਿ ਜੇਕਰ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਉਸ ਦੇ ਦੁਬਾਰਾ ਸਿਰੰਡਰ ਨਾ ਕਰਨ ਦਾ ਜੋਖਿਮ ਬਹੁਤ ਜ਼ਿਆਦਾ ਹੈ। ਇਹ ਦਲੀਲ ਭਾਰਤ ਦਾ ਪੱਖ ਰੱਖ ਰਹੀ ਕ੍ਰਾਊਨ ਪ੍ਰਿੰਸ ਸਰਵਿਸ ਨੇ ਦਿੱਤੀ ਸੀ। ਸ਼ੁੱਕਰਵਾਰ ਨੂੰ ਹੋਈ ਸੁਣਵਾਈ 'ਚ ਸੀ.ਪੀ.ਐੱਸ. ਵਲੋਂ ਬੈਰੀਸਟਰ ਨਿਲੋਫਰ ਬਾਵਲਾ ਮੌਜੂਦ ਸਨ।

ਨੀਰਵ ਦੀਆਂ ਕਾਰਾਂ ਨੀਲਾਮ, ਜਾਇਦਾਦ ਜ਼ਬਤ
ਪੰਜਾਬ ਨੈਸ਼ਨਲ ਘੋਟਾਲਾ ਮਾਮਲੇ ਦੇ ਦੋਸ਼ੀ ਨੀਰਵ ਤੇ ਉਸ ਦੇ ਰਿਸ਼ਤੇਦਾਰ ਮੇਹੁਲ ਚੋਕਸੀ ਦੀ ਮੁੰਬਈ 'ਚ 3.29 ਕਰੋੜ ਰੁਪਏ 'ਚ 13 ਕਾਰਾਂ 'ਚੋਂ 12 ਦੀ ਆਨਲਾਈਨ ਨੀਲਾਮੀ ਕੀਤੀ ਗਈ। ਇਸ 'ਚ 10 ਨੀਰਵ ਮੋਦੀ ਦੀਆਂ ਤੇ 2 ਮੇਹੁਲ ਚੋਕਸੀ ਦੀਆਂ ਕਾਰਾਂ ਸਨ। ਨੀਲਾਮੀ ਮੈਟਲ ਐਂਡ ਸਕ੍ਰੈਪ ਟ੍ਰੇਡਿੰਗ ਕਾਰਪੋਰੇਸ਼ਨ ਵਲੋਂ ਕੀਤੀ ਗਈ ਸੀ।

ਨੀਲਾਮੀ ਈਡੀ ਵਲੋਂ ਕਰਵਾਈ ਗਈ। ਇਨ੍ਹਾਂ ਕਾਰਾਂ ਨੂੰ ਪਿਛਲੇ ਸਾਲ ਜ਼ਬਤ ਕੀਤਾ ਗਿਆ ਸੀ। ਈਡੀ ਨੇ ਇਸ ਤੋਂ ਪਹਿਲਾਂ ਇਥੋਂ ਮਿਲੀ ਪੇਂਟਿੰਗਸ ਦੀ ਵੀ ਨੀਲਾਮੀ ਕਰਵਾਈ ਸੀ। ਜ਼ਿਕਰਯੋਗ ਹੈ ਕਿ ਈਡੀ ਨੀਰਵ ਮੋਦੀ ਦੇ 100 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੇ ਸ਼ੇਅਰ, ਜਮਾ ਖਾਤੇ ਤੇ ਕਈ ਕੀਮਤੀ ਜਾਇਦਾਦਾਂ ਜ਼ਬਤ ਕਰ ਚੁੱਕਿਆ ਹੈ।


Baljit Singh

Content Editor

Related News