ਬ੍ਰਿਟੇਨ ''ਚ ਨੀਰਵ ਮੋਦੀ ਦੀ ਨਿਆਂਇਕ ਹਿਰਾਸਤ 6 ਅਗਸਤ ਤੱਕ ਵਧੀ

Thursday, Jul 09, 2020 - 06:11 PM (IST)

ਲੰਡਨ— ਪੀ. ਐੱਨ. ਬੀ. ਧੋਖਾਧੜੀ ਮਾਮਲੇ 'ਚ ਲੋੜੀਂਦੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਯੂ. ਕੇ. 'ਚ ਨਿਆਇਕ ਹਿਰਾਸਤ 6 ਅਗਸਤ ਤੱਕ ਵਧਾ ਦਿੱਤੀ ਗਈ ਹੈ। ਮੋਦੀ 'ਤੇ ਇੱਥੇ ਭਾਰਤ ਨੂੰ ਹਵਾਲੇ ਕਰਨ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ।

ਜ਼ਿਕਰਯੋਗ ਹੈ ਕਿ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨਾਲ ਲਗਭਗ ਦੋ ਅਰਬ ਡਾਲਰ ਦੀ ਧੋਖਾਧੜੀ ਕੀਤੀ ਸੀ। ਭਾਰਤ ਦੀਆਂ ਵੱਖ ਵੱਖ ਜਾਂਚ ਏਜੰਸੀਆਂ ਨੇ ਉਸ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ।

ਇਸ ਮਾਮਲੇ ਵਿੱਚ ਮੋਦੀ ਦਾ ਸਹਿਯੋਗੀ ਮੇਹੁਲ ਚੋਕਸੀ ਵੀ ਭਾਰਤ 'ਚ ਲੋੜੀਂਦਾ ਹੈ। ਹਵਾਲਗੀ ਮਾਮਲੇ ਦੀ ਸੁਣਵਾਈ ਲਈ ਮੋਦੀ ਵੀਰਵਾਰ ਨੂੰ ਬ੍ਰਿਟੇਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ 'ਚ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਹੋਇਆ। ਪਿਛਲੇ ਸਾਲ ਮਾਰਚ 'ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਲੰਡਨ ਦੀ ਵੈਂਡਸਵਰਥ ਜੇਲ੍ਹ 'ਚ ਕੈਦ ਹੈ। ਚੀਫ ਮੈਜਿਸਟ੍ਰੇਟ ਏਮਾ ਅਰਬੂਨੋਟ ਨੇ ਆਪਣੀ 28 ਦਿਨਾਂ ਦੀ ਨਿਯਮਤ ਸੁਣਵਾਈ ਦੌਰਾਨ ਮੋਦੀ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਅਗਲੀ ਸੁਣਵਾਈ 6 ਅਗਸਤ ਨੂੰ ਹੋਵੇਗੀ। ਮੋਦੀ ਦੇ ਹਵਾਲਗੀ ਮਾਮਲੇ ਵਿੱਚ ਸੁਣਵਾਈ ਦਾ ਦੂਜਾ ਦੌਰ ਸਤੰਬਰ 'ਚ ਸ਼ੁਰੂ ਹੋਣ ਵਾਲਾ ਹੈ।

ਇਸ ਮਾਮਲੇ ਦੇ ਪਹਿਲੇ ਪੜਾਅ ਦੀ ਚਾਰ ਦਿਨਾਂ ਸੁਣਵਾਈ ਮਈ 'ਚ ਜ਼ਿਲ੍ਹਾ ਜੱਜ ਸੈਮੂਅਲ ਗੂਜੇ ਦੀ ਪ੍ਰਧਾਨਗੀ ਹੇਠ ਹੋਈ। ਬਾਅਦ 'ਚ ਤਾਲਾਬੰਦੀ ਕਾਰਨ ਉਸ ਦੀ ਪੰਜ ਦਿਨਾਂ ਸੁਣਵਾਈ ਦਾ ਦੂਜਾ ਗੇੜ 7 ਸਤੰਬਰ ਨੂੰ ਤੈਅ ਹੋਇਆ ਸੀ। ਮੈਜਿਸਟਰੇਟ ਅਰਬੂਨੋਟ ਨੇ ਕਿਹਾ, “ਮੈਨੂੰ ਉਮੀਦ ਹੈ ਕਿ ਸਤੰਬਰ 'ਚ ਅਗਲੀ ਸੁਣਵਾਈ ਸ਼ੁਰੂ ਹੋਣ ਤੱਕ ਜੇਲ੍ਹ ਤੋਂ ਇੱਥੇ ਆਉਣ 'ਤੇ ਲੱਗੀ ਰੋਕ ਹਟ ਜਾਵੇਗੀ ਅਤੇ ਤੁਸੀਂ ਖ਼ੁਦ ਅਦਾਲਤ 'ਚ ਪੇਸ਼ ਹੋ ਸਕੋਗੇ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ।'' ਸੁਣਵਾਈ ਦੌਰਾਨ ਮੋਦੀ ਨੂੰ ਜੇਲ੍ਹ 'ਚ ਮਾਮਲੇ ਨਾਲ ਜੁੜੀ ਜਾਣਕਾਰੀ ਨੋਟ ਕਰਦੇ ਦੇਖਿਆ ਗਿਆ।


Sanjeev

Content Editor

Related News