ਪ੍ਰੋਫੈਸਰ ਨਿਰੰਜਨ ਸਿੰਘ ਦੇ ਅਕਾਲ ਚਲਾਣੇ ਨਾਲ ਪੰਜਾਬੀ ਮਾਂ ਬੋਲੀ ਦਾ ਵਿਹੜਾ ਸੁੰਨਾਂ ਹੋਇਆ : ਜੱਸੀ/ ਸੰਮੀ
Tuesday, Mar 02, 2021 - 06:05 PM (IST)
ਵਾਸ਼ਿੰਗਟਨ, ਡੀ. ਸੀ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਵਿਚ ਰਹਿੰਦੇ ਜਾਣੀ ਪਹਿਚਾਣੀ ਨਾਮਵਰ ਸ਼ਖ਼ਸੀਅਤ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਦੇ ਅਕਾਲ ਚਲਾਣੇ ਤੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਉਪ-ਚੇਅਰਮੈਨ ਬਲਜਿੰਦਰ ਸਿੰਘ ਸੰਮੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲਾਇਲਪੁਰ ਖਾਲਸਾ ਜਲੰਧਰ ਵਿਚ ਪੰਜਾਬ ਵਿਭਾਗ ਦੇ ਮੁੱਖੀ ਰਹੇ ਪ੍ਰੋ: ਨਿਰੰਜਨ ਸਿੰਘ ਢੇਸੀ ਦੇ ਇਸ ਦੁਨੀਆ ਤੋ ਤੁਰ ਜਾਣ ਨਾਲ ਅੱਜ ਪੰਜਾਬੀ ਮਾਂ ਬੋਲੀ ਦਾ ਵਿਹੜਾ ਸੁੰਨਾਂ ਹੋ ਗਿਆ ਹੈ।
ਉਹਨਾਂ ਕਿਹਾ ਕਿ ਪ੍ਰੋਫੈਸਰ ਢੇਸੀ ਨੇ ਆਪਣੇ ਜੀਵਨ ਵਿੱਚ ਦੂਜਿਆਂ ਦੇ ਜੀਵਨ ਨੂੰ ਲੀਹੇ ਪਾਉਣ ਲਈ ਅਤੇ ਸੁਧਾਰਨ ਲਈ ਇਕ ਬਹੁਤ ਵੱਡਾ ਰੋਲ ਨਿਭਾਇਆ ਹੈ। ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਪ੍ਰੋਫੈਸਰ ਹੁੰਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਅੱਗੇ ਵੱਧਣ ਲਈ ਪ੍ਰੇਰਿਆ ਅਤੇ ਉਹ ਇਕ ਸਿੱਖ ਵਿਦਵਾਨ ਦੇ ਨਾਲ ਬੜੇ ਸਾਊ, ਸਾਦੇ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ।ਉਹਨਾਂ ਅਮਰੀਕਾ ਦੇ ਵੱਖ-ਵੱਖ ਗੁਰੂ ਘਰਾਂ ਵਿਚ ਸਿੱਖੀ ਪ੍ਰਚਾਰ ਦੀ ਨਿਸ਼ਕਾਮ ਸੇਵਾ ਵੀ ਨਿਭਾਈ। ਅੱਜ ਭਾਈਚਾਰੇ ਕੋਲੋ ਪੰਜਾਬੀ ਮਾਂ ਬੋਲੀ ਦੀ ਅਣਥੱਕ ਸੇਵਾ ਕਰਨ ਵਾਲਾ ਹੀਰਾ ਗੁਆਚ ਗਿਆ ਹੈ।