ਯੂਕੇ ਵਿੱਚ ਲੱਗ ਸਕਦਾ ਹੈ ਰਾਤ ਦਾ ਕਰਫਿਊ
Thursday, Sep 10, 2020 - 02:21 AM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂਕੇ 'ਚ ਕੋਰੋਨਾ ਵਾਇਰਸ ਦੇ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਬ੍ਰਿਟੇਨ ਨੂੰ ਵਾਇਰਸ ਦੀ ਦੂਸਰੀ ਲਹਿਰ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਸਾਰੇ ਦੇਸ਼ ਨੂੰ ਰਾਤ ਦੇ ਕਰਫਿਊ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸੰਬੰਧ ਵਿੱਚ ਸਰਕਾਰ ਦੁਆਰਾ ਰਾਤ ਦੇ 10 ਜਾਂ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਲੋਕਾਂ ਦੇ ਬਾਹਰ ਜਾਣ 'ਤੇ ਪਾਬੰਦੀ ਲਗਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਵਾਇਰਸ ਦੇ ਮਾਮਲਿਆਂ ਵਿੱਚ ਹੋਏ ਤਾਜ਼ਾ ਵਾਧੇ 'ਤੇ ਰੋਕ ਲਗਾਈ ਜਾ ਸਕੇ।
ਯੂਕੇ ਦੇ ਖੇਤਰ ਬੋਲਟਨ ਨੂੰ ਬੀਤੇ ਦਿਨੀਂ ਗ੍ਰੇਟਰ ਮੈਨਚੇਸਟਰ ਵਿੱਚ ਛੇ ਹੋਰਨਾਂ ਥਾਵਾਂ ਦੇ ਨਾਲ ‘ਰੈਡ ਅਲਰਟ’ 'ਤੇ ਰੱਖਿਆ ਗਿਆ ਸੀ ਕਿਉਂਕਿ ਉੱਥੇ ਵਾਇਰਸ ਦੇ ਲਾਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਕਸਬੇ ਵਿੱਚ ਪ੍ਰਤੀ 100,000 ਲੋਕਾਂ ਪਿੱਛੇ 120 ਕੇਸ ਹਨ, ਜਿਨ੍ਹਾਂ ਵਿੱਚ 18 ਤੋਂ 49 ਸਾਲ ਦੀ ਉਮਰ ਵਾਲੇ 90 ਫੀਸਦੀ ਲੋਕ ਲਾਗ ਦੀ ਲਪੇਟ ਵਿੱਚ ਆਉਂਦੇ ਹਨ। ਨਵੀਆਂ ਪਾਬੰਦੀਆਂ ਤਹਿਤ ਬੋਲਟਨ ਵਿੱਚ ਬਾਰ ਅਤੇ ਰੈਸਟੋਰੈਂਟ ਸਿਰਫ ਟੇਕਵੇਅ ਡ੍ਰਿੰਕ ਦੀ ਸੇਵਾ ਕਰਨ ਦੇ ਯੋਗ ਹੋਣਗੇ ਅਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਇਨ੍ਹਾਂ ਨੂੰ ਬੰਦ ਕਰਨਾ ਹੋਵੇਗਾ। ਇਸ ਤੋਂ ਇਲਾਵਾ ਸਿਹਤ ਸਕੱਤਰ ਮੈਟ ਹੈਨਕਾਕ ਅਨੁਸਾਰ ਉਹ ਬੋਲਟਨ ਵਿੱਚ ਤੁਰੰਤ ਕਾਰਵਾਈ ਸ਼ੁਰੂ ਕਰ ਰਹੇ ਹਨ। ਜਦੋਂ ਕਿ ਛੇ ਤੋਂ ਵੱਧ ਲੋਕਾਂ ਦੇ ਸਮਾਜਿਕ ਇਕੱਠਾਂ 'ਤੇ ਪਾਬੰਦੀ ਲਗਾਉਣ ਵਾਲੇ ਨਵੇਂ ਨਿਯਮ ਸੋਮਵਾਰ ਨੂੰ ਵੀ ਲਾਗੂ ਹੋਣਗੇ।