ਲਿਵਰਪੂਲ ''ਚ ਅਖਬਾਰਾਂ ਦੀਆਂ ਪ੍ਰਿੰਟ ਸਾਈਟਾਂ ਦੇ ਰਾਹ ਬੰਦ ਕਰਨ ਵਾਲੇ 13 ਪ੍ਰਦਰਸ਼ਨਕਾਰੀ ਗ੍ਰਿਫਤਾਰ
Saturday, Sep 05, 2020 - 04:04 PM (IST)
ਗਲਾਸਗੋ/ਲਿਵਰਪੂਲ, (ਮਨਦੀਪ ਖੁਰਮੀ ਹਿੰਮਤਪੁਰਾ)- ਲਿਵਰਪੂਲ ਵਿਚ ਮੀਡੀਆ ਮੋਗਲ ਰੂਪਰਟ ਮੁਰਦੋਕ ਦੀ ਮਲਕੀਅਤ ਵਾਲੇ ਅਖਬਾਰਾਂ ਦੇ ਛਪਣ ਕਾਰਜਾਂ ਨੂੰ ਰੋਕਣ ਤੋਂ ਬਾਅਦ ਇਕ ਦਰਜਨ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਮੂਹ ਦੇ ਲਗਭਗ 100 ਮੈਂਬਰਾਂ ਨੇ ਸ਼ੁੱਕਰਵਾਰ ਦੀ ਰਾਤ ਨੂੰ ਲਿਵਰਪੂਲ ਦੇ ਨੇੜੇ, ਹਰਟਫੋਰਡਸ਼ਾਇਰ ਅਤੇ ਨੋਜਲੀ, ਬਰੌਕਸਬਰਨ ਵਿਖੇ ਨਿਊਜ਼ ਪ੍ਰਿੰਟਰ ਦੀਆਂ ਸਾਈਟਾਂ 'ਤੇ ਪਹੁੰਚ ਕੇ ਉਨ੍ਹਾਂ ਨੂੰ ਰੋਕਣ ਲਈ ਵੈਨਾਂ ਅਤੇ ਬਾਂਸ ਦੇ ਢਾਂਚਿਆਂ ਦੀ ਵਰਤੋਂ ਕੀਤੀ। ਹਰਟਫੋਰਡਸ਼ਾਇਰ ਪੁਲਸ ਨੇ ਕਿਹਾ ਕਿ ਇਸ ਮੌਕੇ 13 ਗ੍ਰਿਫਤਾਰੀਆਂ ਹੋਈਆਂ ਹਨ। ਇਹ ਪ੍ਰਿੰਟ ਸਾਈਟਾਂ ਰੂਪਰਟ ਮਰਡੋਕ ਦੀ ਮਲਕੀਅਤ ਹੇਠ ਅਖਬਾਰ ਪ੍ਰਕਾਸ਼ਿਤ ਕਰਦੀਆਂ ਹਨ, ਜਿਨ੍ਹਾਂ ਵਿੱਚ ਦਿ ਸਨ, ਦਿ ਟਾਈਮਜ਼, ਦਿ ਸੰਡੇ ਟਾਈਮਜ਼ ਆਦਿ ਸ਼ਾਮਲ ਹਨ।
ਇਸ ਸੰਬੰਧ ਵਿੱਚ ਅਖ਼ਬਾਰਾਂ, ਪਬਲਿਸ਼ਿੰਗ ਫੈਕਟਰੀਆਂ ਨੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂੰ ਸਾਰੇ ਆਜ਼ਾਦ ਪ੍ਰੈੱਸਾਂ 'ਤੇ ਹਮਲਾ ਮੰਨਦਿਆਂ ਨਿੰਦਾ ਕੀਤੀ ਹੈ। ਇਸ ਪ੍ਰਦਰਸ਼ਨ ਨਾਲ ਕਈ ਕਾਮਿਆਂ ਨੂੰ ਉਨ੍ਹਾਂ ਦੀਆਂ ਨੌਕਰੀ 'ਤੇ ਆਉਣ ਜਾਣ ਵਿਚ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇਨ੍ਹਾਂ ਅਖਬਾਰਾਂ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਪ੍ਰਿੰਟ ਦੇ ਕੰਮ ਨੂੰ ਕਿਤੇ ਹੋਰ ਭੇਜ ਦਿੱਤਾ ਹੈ ਪਰ ਅਖਬਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਪਾਸੇ ਵਿਖਾਵਾਕਾਰੀਆਂ ਨੇ 'ਫਰੀ ਦਿ ਟਰੁੱਥ' ਦੇ ਬੈਨਰ ਹੇਠ ਟਵੀਟ ਕੀਤਾ ਕਿ ਇਹ ਅਖ਼ਬਾਰਾਂ ਮੌਸਮ ਅਤੇ ਵਾਤਾਵਰਣਕ ਸੰਕਟ ਬਾਰੇ ਰਿਪੋਰਟ ਕਰਨ ਵਿਚ ਅਸਫਲ ਰਹੀਆਂ ਹਨ ਅਤੇ ਉਨ੍ਹਾਂ ਨੇ ਆਪਣੇ ਫਰਜ਼ ਨਾਲ ਇਨਸਾਫ ਨਹੀਂ ਕੀਤਾ।