ਚੋਣਾਂ ''ਚ ਧਾਂਦਲੀ ਦੇ ਨਾਅਰਿਆਂ ਦਰਮਿਆਨ ਪਾਕਿਸਤਾਨ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਚੁੱਕੀ ਸਹੁੰ
Thursday, Feb 29, 2024 - 03:57 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਵੱਲੋਂ ਨੈਸ਼ਨਲ ਅਸੈਂਬਲੀ ਦੀ ਸੈਸ਼ਨ ਬੁਲਾਏ ਜਾਣ ਦੇ ਬਾਅਦ ਦੇਸ਼ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਸਹੁੰ ਚੁੱਕੀ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਵੱਲੋਂ ਸਮਰਥਿਤ ਉਮੀਦਵਾਰਾਂ ਨੂੰ ਰਾਖਵੀਆਂ ਸੀਟਾਂ ਦੀ ਵੰਡ ਦੇ ਮੁੱਦੇ 'ਤੇ ਕਾਰਜਕਾਰੀ ਸਰਕਾਰ ਨਾਲ ਮਤਭੇਦਾਂ ਕਾਰਨ ਅਲਵੀ ਦੇ ਸ਼ੁਰੂਆਤੀ ਇਨਕਾਰ ਤੋਂ ਬਾਅਦ ਨਵੀਂ ਸੰਸਦ ਦਾ ਪਹਿਲਾ ਸੈਸ਼ਨ ਆਯੋਜਿਤ ਕੀਤਾ ਗਿਆ। ਪਿਛਲੀ ਸੰਸਦ ਦੇ ਅਹੁਦਾ ਛੱਡ ਰਹੇ ਸਪੀਕਰ ਰਾਜਾ ਪਰਵੇਜ਼ ਦੀ ਪ੍ਰਧਾਨਗੀ ਵਿਚ 16ਵੀਂ ਸੰਸਦ ਦਾ ਪਹਿਲਾ ਸੈਸ਼ਨ ਇਕ ਘੰਟੇ ਤੋਂ ਵੱਧ ਦੇਰੀ ਤੋਂ ਬਾਅਦ ਸ਼ੁਰੂ ਹੋਇਆ।
ਇਹ ਵੀ ਪੜ੍ਹੋ: ਪਾਕਿਸਤਾਨ ਦੀ ਆਰਥਿਕਤਾ ਨੂੰ ਠੀਕ ਕਰਨਾ ਨਵੀਂ ਸਰਕਾਰ ਦੀ ਪਹਿਲੀ ਤਰਜੀਹ : ਨਵਾਜ਼ ਸ਼ਰੀਫ
ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਸਮਰਥਿਤ ਸੰਸਦ ਮੈਂਬਰਾਂ ਵੱਲੋਂ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਵਿਚ ਕਥਿਤ ਧਾਂਦਲੀ ਦੇ ਖ਼ਿਲਾਫ਼ ਨਾਅਰੇ ਲਗਾਏ ਜਾਣ ਦਰਮਿਆਨ ਅਸ਼ਰਫ ਨੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ। ਸਹੁੰ ਚੁੱਕਣ ਵਾਲੇ ਨਵੇਂ ਸੰਸਦ ਮੈਂਬਰਾਂ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਮੁਖੀ ਨਵਾਜ਼ ਸ਼ਰੀਫ, ਪੀ.ਐੱਮ.ਐੱਲ.-ਐੱਨ. ਪ੍ਰਧਾਨ ਸ਼ਹਿਬਾਜ਼ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਸਹਿ-ਪ੍ਰਧਾਨ ਆਸਿਫ ਜ਼ਰਦਾਰੀ ਅਤੇ ਪੀਪੀਪੀ ਪ੍ਰਧਾਨ ਬਿਲਾਵਨ ਭੁੱਟੋ ਜ਼ਰਦਾਰੀ ਸ਼ਾਮਲ ਹਨ।
ਨਵੇਂ ਚੁਣੇ ਗਏ ਸੰਸਦ ਮੈਂਬਰ ਨੈਸ਼ਨਲ ਅਸੈਂਬਲੀ ਦੇ ਨਵੇਂ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕਰਨਗੇ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਸ਼ਨੀਵਾਰ ਨੂੰ ਹੋਣ ਦੀ ਉਮੀਦ ਹੈ ਅਤੇ ਪੀ.ਐੱਮ.ਐੱਲ.-ਐੱਨ. ਅਤੇ ਪੀਪੀਪੀ ਵਿਚਕਾਰ ਚੋਣ ਤੋਂ ਬਾਅਦ ਸਮਝੌਤੇ ਦੇ ਤਹਿਤ ਸਾਬਕਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਸਦਨ ਦਾ ਨਵਾਂ ਨੇਤਾ ਚੁਣਿਆ ਜਾਣਾ ਤੈਅ ਹੈ। ਚੋਣਾਂ ਵਿੱਚ ਪੀ.ਟੀ.ਆਈ. ਪਾਰਟੀ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰਾਂ ਨੇ ਨੈਸ਼ਨਲ ਅਸੈਂਬਲੀ ਦੀਆਂ ਸਭ ਤੋਂ ਵੱਧ 93 ਸੀਟਾਂ ਜਿੱਤੀਆਂ ਹਨ। ਪੀ.ਐੱਮ.ਐੱਲ.-ਐੱਨ. ਨੇ 75 ਅਤੇ ਪੀ.ਪੀ.ਪੀ. ਨੇ 54 ਸੀਟਾਂ ਜਿੱਤੀਆਂ ਸਨ। ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ (MQM-P) ਨੇ 17 ਸੀਟਾਂ ਜਿੱਤੀਆਂ ਸਨ।
ਇਹ ਵੀ ਪੜ੍ਹੋ: ਬੰਦੂਕ ਦੀ ਨੋਕ 'ਤੇ ਸਟੋਰ ਨੂੰ ਲੁੱਟਣ ਦੇ ਦੋਸ਼ 'ਚ ਗੁਜਰਾਤੀ ਮੂਲ ਦਾ ਆਸ਼ਿਕ ਪਟੇਲ ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।