ਨਿਊਜ਼ੀਲੈਂਡ ਚੋਣਾਂ ਦੇ ਸ਼ੁਰੂਆਤੀ ਨਤੀਜਿਆਂ 'ਚ ਲੇਬਰ ਪਾਰਟੀ ਨੇ ਬਣਾਈ ਬੜ੍ਹਤ
Saturday, Oct 17, 2020 - 01:32 PM (IST)
ਆਕਲੈਂਡ- ਨਿਊਜ਼ੀਲੈਂਡ ਚੋਣਾਂ ਸੰਪੰਨ ਹੋਣ ਮਗਰੋਂ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਹੀ ਜੈਸਿੰਡਾ ਅਰਡਨ (ਲੇਬਰ ਪਾਰਟੀ) ਨੇ ਸ਼ੁਰੂਆਤੀ ਨਤੀਜਿਆਂ ਵਿਚ ਹੀ ਮਜ਼ਬੂਤ ਬੜ੍ਹਤ ਬਣਾ ਲਈ ਹੈ। ਉਹ ਆਪਣੀ ਵਿਰੋਧੀ ਨੈਸ਼ਨਲ ਪਾਰਟੀ ਦੀ ਉਮੀਦਵਾਰ ਜੁਡਿਥ ਕਾਲਿੰਸ ਤੋਂ ਅੱਗੇ ਚੱਲ ਰਹੇ ਹਨ।
ਨਿਊਜ਼ੀਲੈਂਡ ਵਿਚ ਉਸ ਸਮੇਂ ਚੋਣਾਂ ਹੋਈਆਂ ਹਨ ਜਦ ਪੂਰਾ ਵਿਸ਼ਵ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਦੀ ਜਿੱਤ ਪਹਿਲਾਂ ਹੀ ਨਿਸ਼ਚਿਤ ਦਿਸ ਰਹੀ ਹੈ।
ਹੁਣ ਤੱਕ ਕੁੱਲ ਵੋਟਾਂ ਵਿਚੋਂ 39 ਫੀਸਦੀ ਤਕ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਇਸ ਵਿਚ ਸਭ ਤੋਂ ਅੱਗੇ ਲੇਬਰ ਪਾਰਟੀ ਜਾ ਰਹੀ ਹੈ। ਦੂਜੇ 'ਤੇ ਨੈਸ਼ਨਲ ਤੇ ਤੀਜੇ 'ਤੇ ਗ੍ਰੀਨ ਪਾਰਟੀ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਛੋਟੀ ਆਬਾਦੀ ਵਾਲਾ ਦੇਸ਼ ਹੈ, ਇਸ ਦੇ ਬਾਵਜੂਦ ਅਰਡਨ ਨੇ ਇੰਨੇ ਸ਼ਾਨਦਾਰ ਤਰੀਕੇ ਨਾਲ ਕੰਮ ਕੀਤਾ ਕਿ ਪੂਰੀ ਦੁਨੀਆ ਵਿਚ ਸਿਫ਼ਤ ਹੋ ਰਹੀ ਹੈ। ਚੋਣਾਂ ਤੋਂ ਪਹਿਲਾਂ ਹੀ ਜਨਮਤ ਸਰਵੇਖਣਾਂ ਵਿਚ ਅਰਡਨ ਦੀ ਲੇਬਰ ਪਾਰਟੀ ਨੂੰ 46 ਫੀਸਦੀ ਲੋਕਾਂ ਨੇ ਆਪਣੀ ਪਸੰਦ ਦੱਸਿਆ ਸੀ।
ਹਾਲਾਂਕਿ, ਇਹ ਦੇਖਣਾ ਹੋਵੇਗਾ ਕਿ ਲੇਬਰ ਪਾਰਟੀ ਆਪਣੇ ਦਮ 'ਤੇ ਬਹੁਮਤ ਹਾਸਲ ਕਰ ਪਾਉਂਦੀ ਹੈ ਜਾਂ ਉਸ ਨੂੰ ਮੌਜੂਦਾ ਸਹਿਯੋਗੀ ਧਿਰ ਗ੍ਰੀਨ ਪਾਰਟੀ ਨਾਲ ਹੀ ਮਿਲ ਕੇ ਸਰਕਾਰ ਬਣਾਉਣੀ ਪਵੇਗੀ। ਸਰਕਾਰ ਬਣਾਉਣ ਲਈ ਕਿਸੇ ਪਾਰਟੀ ਲਈ 120 ਵਿਚੋਂ 61 ਸੀਟਾਂ ਜਿੱਤਣੀਆਂ ਲਾਜ਼ਮੀ ਹਨ। ਹਾਲਾਂਕਿ, 1996 ਤੋਂ ਜਦੋਂ ਤੋਂ ਐੱਮ. ਐੱਮ. ਪੀ. ਪ੍ਰਣਾਲੀ ਲਾਗੂ ਹੋਈ ਹੈ ਕੋਈ ਵੀ ਇਕ ਪਾਰਟੀ ਆਪਣੇ ਦਮ 'ਤੇ ਇਹ ਸੰਖਿਆ ਹਾਸਲ ਕਰ ਕੇ ਸਰਕਾਰ ਨਹੀਂ ਬਣਾ ਸਕੀ ਹੈ।