ਇੱਕ ਮਹੀਨਾ ਸਮੁੰਦਰ ''ਚ ਭਟਕਣ ਤੋਂ ਬਾਅਦ ਸਹੀ ਸਲਾਮਤ ਆਸਟਰੇਲੀਆ ਪਹੁੰਚੇ ਇਹ ਪਿਓ ਧੀ (ਦੇਖੋ ਤਸਵੀਰਾਂ)

01/12/2017 1:56:36 PM

ਸਿਡਨੀ— ''ਜਾਕੋ ਰਾਖੈ ਸਾਈਆ, ਮਾਰ ਸਕੈ ਨਾ ਕੋਇ'', ਇਹ ਕਹਾਵਤ ਇੱਕ ਵਾਰ ਫਿਰ ਉਸ ਵੇਲੇ ਸਹੀ ਸਾਬਤ ਹੋ ਗਈ, ਜਦੋਂ ਸਮੁੰਦਰ ''ਚ ਇੱਕ ਮਹੀਨੇ ਤੋਂ ਵੀ ਵਧੇਰੇ ਸਮੇਂ ਤੱਕ ਲਾਪਤਾ ਹੋਏ ਨਿਊਜ਼ੀਲੈਂਡ ਦਾ ਇੱਕ ਵਿਅਕਤੀ ਅਤੇ ਉਸ ਦੀ ਧੀ ਤਮਾਮ ਜਾਨਲੇਵਾ ਖ਼ਤਰਿਆਂ ਨਾਲ ਜੂਝਦੇ ਹੋਏ ਸਹੀ ਸਲਾਮਤ ਆਸਟਰੇਲੀਆ ਪਹੁੰਚ ਗਏ। ਐਲਨ ਲੈਂਗਡੋਨ (46) ਅਤੇ ਉਸ ਦੀ ਛੇ ਸਾਲਾ ਧੀ ਕਯੂ ਨੇ ਬੀਤੇ ਮਹੀਨੇ ਕਾਵਹਿਆ ਤੋਂ ਨਿਊਜ਼ੀਲੈਂਡ ਦੇ ਪੂਰਬੀ ਤੱਟ ''ਤੇ ਸਥਿਤ ''ਬੇਅ ਆਫ ਆਈਲੈਂਡ'' ਦੀ ਛੋਟੀ ਯਾਤਰਾ ''ਤੇ ਨਿਕਲੇ ਸਨ ਪਰ ਇੱਕ ਸਮੁੰਦਰੀ ਤੂਫਾਨ ਦੀ ਲਪੇਟ ''ਚ ਆ ਕੇ ਉਨ੍ਹਾਂ ਦੀ ਕਿਸ਼ਤੀ ਦਾ ਪਿਛਲਾ ਹਿੱਸਾ ਟੁੱਟ ਗਿਆ। ਇਸ ਪਿੱਛੋਂ ਪਿਓ-ਧੀ ਰਸਤਾ ਭਟਕ ਗਏ ਅਤੇ ਤਸਮਾਨ ਸਾਗਰ ''ਚ ਲਗਭਗ 2000 ਕਿਲੋਮੀਟਰ ਦੀ ਕਠਿਨ ਯਾਤਰਾ ਕਰਕੇ ਬੁੱਧਵਾਰ ਨੂੰ ਆਸਟਰੇਲੀਆ ਦੇ ਤੱਟ ''ਤੇ ਪਹੁੰਚੇ। 
ਐਲਨ ਨੇ ਸਿਡਨੀ ਤੋਂ 230 ਕਿਲੋਮੀਟਰ ਦੱਖਣ ''ਚ ਉੱਲਾਦੁੱਲਾ ਬੰਦਰਗਾਹ ''ਤੇ ਆਪਣੀ ਕਿਸ਼ਤੀ ਨੂੰ ਕਿਨਾਰੇ ''ਤੇ ਲਗਾਉਣ ਤੋਂ ਬਾਅਦ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ, ''ਸਾਡੀ ਕਿਸ਼ਤੀ ਦਾ ਪਿਛਲਾ ਹਿੱਸਾ ਟੁੱਟ ਗਿਆ, ਇਸ ਕਾਰਨ ਸਾਡੇ ਕੋਲ ਵਧੇਰੇ ਬਦਲ ਨਹੀਂ ਬਚੇ ਸਨ। ਮੈਂ ਮੌਸਮ ਠੀਕ ਹੋਣ ਦਾ ਇੰਤਜ਼ਾਰ ਕਰ ਰਿਹਾ ਸਾਂ, ਜਿਹੜਾ ਹੋਇਆ ਨਹੀਂ। ਅਜਿਹੀ ਸਥਿਤੀ ''ਚ ਅਸੀਂ ਖੁਦ ਨੂੰ ਮੌਸਮ ਦੇ ਸਹਾਰੇ ਛੱਡ ਦਿੱਤਾ ਅਤੇ ਲਹਿਰਾਂ ਸਾਨੂੰ ਦੱਖਣ ਦੇ ਵੱਲ ਸੁੱਟਣ ਲੱਗੀਆਂ। ਇਸ ਦੌਰਾਨ ਮੈਂ ਫੈਸਲਾ ਲਿਆ ਕਿ ਤਸਮਾਨ ਸਾਗਰ ਪਾਰ ਕਰਕੇ ਆਸਟਰੇਲੀਆ ਦੇ ਵੱਲ ਵਧਣਾ ਸੁਰੱਖਿਅਤ ਹੋਵੇਗਾ।'' ਪਿਓ-ਧੀ ਦੇ ਇੱਥੇ ਪਹੁੰਚਣ ਦੇ ਨਾਲ ਹੀ ਉਨ੍ਹਾਂ ਦੀ ਤਲਾਸ਼ ਲਈ ਕੌਮਾਂਤਰੀ ਪੱਧਰ ''ਤੇ ਯਤਨ ਬੰਦ ਕਰ ਦਿੱਤੇ ਗਏ ਹਨ। ਐਲਨ ਆਪਣੀ ਕਿਸ਼ਤੀ ਦੀ ਮੁਰੰਮਤ ਤੱਕ ਉੱਲਾਦੁੱਲਾ ''ਚ ਰੁਕਣਗੇ। ਇਸ ਤੋਂ ਬਾਅਦ ਉਹ ਪੋਰਟ ਕੰਬਾਲਾ ਵੱਲ ਰਵਾਨਾ ਹੋਣਗੇ, ਜਿੱਥੋਂ ਆਸਟਰੇਲੀਆ ਦਾ ਕਸਟਮ ਵਿਭਾਗ ਉਨ੍ਹਾਂ ਨੂੰ ਵਾਪਸ ਨਿਊਜ਼ੀਲੈਂਡ ਭੇਜ ਦੇਵੇਗਾ।

 


Related News