ਨਿਊਜ਼ੀਲੈਂਡ : ਖਰੀਦਦਾਰੀ ਕਰਦੇ ਸਮੇਂ ਲੋਕ ਮਾਲ ''ਚ ਹੀ ਪਾ ਸਕਣਗੇ ਵੋਟ

Saturday, Jun 22, 2019 - 12:26 PM (IST)

ਨਿਊਜ਼ੀਲੈਂਡ : ਖਰੀਦਦਾਰੀ ਕਰਦੇ ਸਮੇਂ ਲੋਕ ਮਾਲ ''ਚ ਹੀ ਪਾ ਸਕਣਗੇ ਵੋਟ

ਵਲਿੰਗਟਨ— ਨਿਊਜ਼ੀਲੈਂਡ 'ਚ ਅਗਲੇ ਸਾਲ ਹੋਣ ਜਾ ਰਹੀਆਂ ਆਮ ਚੋਣਾਂ 'ਚ 100 ਫੀਸਦੀ ਵੋਟਿੰਗ ਕਰਾਉਣ ਲਈ ਸਰਕਾਰ ਨੇ ਨਿਯਮਾਂ 'ਚ ਵੱਡਾ ਬਦਲਾਅ ਕੀਤਾ ਹੈ। ਇਸ ਦੇ ਤਹਿਤ ਸ਼ਾਪਿੰਗ ਮਾਲ, ਸੁਪਰਸਟੋਰ, ਸਕੂਲ, ਚਰਚ ਆਦਿ ਸੰਸਥਾਵਾਂ 'ਚ ਬੈਲਟ ਬਾਕਸ ਰੱਖੇ ਜਾਣਗੇ। ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਲੋਕ ਜਦ ਦੁੱਧ, ਬ੍ਰੈੱਡ ਅਤੇ ਹੋਰ ਜ਼ਰੂਰੀ ਚੀਜ਼ਾਂ ਖਰੀਦਣ ਸਟੋਰ 'ਚ ਜਾਣ ਜਾਂ ਸਕੂਲ ਤੇ ਚਰਚ ਵਰਗੀਆਂ ਹੋਰ ਥਾਵਾਂ 'ਤੇ ਪੁੱਜਣ ਤਾਂ ਉੱਥੋਂ ਵੋਟਿੰਗ ਵੀ ਕਰ ਸਕਣ।

ਨਿਆਂ ਮੰਤਰੀ ਐਂਡਰੂ ਨੇ ਦੱਸਿਆ ਕਿ ਇਸ ਦੇ ਇਲਾਵਾ ਵੀ ਵੋਟਰਾਂ ਨਾਲ ਜੁੜੀਆਂ ਨਵੀਂਆਂ ਸੁਵਿਧਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਨਵੇਂ ਨਿਯਮਾਂ ਮੁਤਾਬਕ ਵੋਟਰ ਹੁਣ ਚੋਣਾਂ ਵਾਲੇ ਦਿਨ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣਗੇ। ਐਂਡਰੂ ਨੇ ਦੱਸਿਆ ਕਿ ਇਹ ਬਦਲਾਅ ਚੋਣ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਬਾਅਦ ਕੀਤਾ ਗਿਆ ਹੈ। ਕਮਿਸ਼ਨ ਨੇ ਦੱਸਿਆ ਸੀ ਕਿ 2017 ਦੀਆਂ ਚੋਣਾਂ 'ਚ 19 ਹਜ਼ਾਰ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕੀਤੀ ਸੀ। ਵੋਟ ਨਾ ਪਾਉਣ ਵਾਲੇ ਅਜਿਹੇ ਵੋਟਰਾਂ ਦੀ ਸਹੂਲਤ ਲਈ ਕਮਿਸ਼ਨ ਨੇ ਸੁਝਾਅ ਦਿੱਤਾ ਸੀ ਕਿ ਵੋਟਰਾਂ ਨੂੰ ਵੋਟ ਕਰਨ ਦਾ ਮੌਕਾ ਉੱਥੇ ਹੀ ਦਿੱਤਾ ਜਾਵੇ, ਜਿੱਥੇ ਉਹ ਅਕਸਰ ਜਾਂਦੇ ਹੋਣ। ਇਸ ਨਾਲ ਫਾਇਦਾ ਇਹ ਹੋਵੇਗਾ ਕਿ ਵੋਟਰ ਲੰਬੀ ਲਾਈਨ 'ਚ ਲੱਗਣ ਦੀ ਥਾਂ ਨਿੱਜੀ ਕੰਮ ਕਰਦੇ ਹੋਏ ਆਪਣੀ ਪਸੰਦ ਦਾ ਪ੍ਰਧਾਨ ਮੰਤਰੀ ਚੁਣ ਸਕਣਗੇ।


Related News