ਨਿਊਜ਼ੀਲੈਂਡ ਤੇ ਬੈਲਾਰੂਸ ''ਚ ਕੋਰੋਨਾਵਾਇਰਸ ਦੀ ਦਸਤਕ, ਪਹਿਲੇ ਮਾਮਲਿਆਂ ਦੀ ਪੁਸ਼ਟੀ

Friday, Feb 28, 2020 - 01:00 PM (IST)

ਨਿਊਜ਼ੀਲੈਂਡ ਤੇ ਬੈਲਾਰੂਸ ''ਚ ਕੋਰੋਨਾਵਾਇਰਸ ਦੀ ਦਸਤਕ, ਪਹਿਲੇ ਮਾਮਲਿਆਂ ਦੀ ਪੁਸ਼ਟੀ

ਵੈਲਿੰਗਟਨ/ਮਿਨਸਕ(ਏ.ਐਫ.ਪੀ.)- ਦੁਨੀਆ ਦੇ ਕਈ ਦੇਸ਼ਾਂ ਵਿਚ ਕਹਿਰ ਵਰ੍ਹਾਉਣ ਤੋਂ ਬਾਅਦ ਜਾਨਲੇਵਾ ਕੋਰੋਨਾਵਾਇਰਸ ਨੇ ਨਿਊਜ਼ੀਲੈਂਡ ਤੇ ਬੈਲਾਰੂਸ ਵਿਚ ਦਸਤਕ ਦੇ ਦਿੱਤੀ ਹੈ। ਇਹਨਾਂ ਦੋਵਾਂ ਦੇਸ਼ਾਂ ਵਿਚ ਪਹਿਲੇ ਵਾਇਰਸ ਸਬੰਧੀ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜੋ ਕਿ ਈਰਾਨ ਵਿਚ ਯਾਤਰਾ ਦਾ ਇਤਿਹਾਸ ਰੱਖਦੇ ਹਨ।

ਨਿਊਜ਼ੀਲੈਂਡ ਦੇ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਆਪਣੇ ਦੇਸ਼ ਦੇ ਪਹਿਲੇ ਕੋਰੋਨਾਵਾਇਰਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਈਰਾਨ ਤੋਂ ਹਾਲ ਹੀ ਵਿਚ ਇਥੇ ਪਹੁੰਚੇ ਪੀੜਤ ਦੇ ਟੈਸਟ ਪਾਜ਼ੀਟਿਵ ਮਿਲੇ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 60 ਸਾਲਾ ਪੀੜਤ ਦਾ ਆਕਲੈਂਡ ਦੇ ਸਿਟੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਦੀ ਹਾਲਤ ਸਥਿਰ ਹੈ।

ਇਸ ਤੋਂ ਇਲਾਵਾ ਬੈਲਾਰੂਸ ਨੇ ਵੀ ਦੇਸ਼ ਦੇ ਪਹਿਲੇ ਕੋਰੋਨਾਵਾਇਰਸ ਮਰੀਜ਼ ਦੀ ਪੁਸ਼ਟੀ ਕੀਤੀ, ਜੋ ਕਿ ਇਕ ਈਰਾਨੀ ਵਿਦਿਆਰਥੀ ਹੈ ਤੇ ਪਿਛਲੇ ਹਫਤੇ ਅਜ਼ਰਬਾਈਜਾਨ ਤੋਂ ਆਇਆ ਹੈ। ਦੇਸ਼ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਵਿਦਿਆਰਥੀ ਦੀ ਹਾਲਤ ਸਥਿਰ ਹੈ। ਮੰਤਰਾਲਾ ਨੇ ਆਪਣੇ ਬਿਆਨ ਵਿਚ ਅੱਗੇ ਕਿਹਾ ਕਿ ਉਹਨਾਂ ਨੇ ਫੈਸਲਾ ਲਿਆ ਹੈ ਕਿ ਹੁਣ ਇਟਲੀ, ਈਰਾਨ ਅਤੇ ਦੱਖਣੀ ਕੋਰੀਆ ਜਿਹੇ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਹਰੇਕ ਨਾਗਰਿਕ ਦੀ ਜਾਂਚ ਕੀਤੀ ਜਾਵੇਗੀ ਤਾਂ ਕਿ ਦੇਸ਼ ਵਿਚ ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਈਰਾਨ ਵਿਚ ਇਸ ਵਾਇਰਸ ਦੇ ਪੀੜਤਾਂ ਦੀ ਗਿਣਤੀ 245 ਹੋ ਗਈ ਹੈ ਜਦਕਿ ਇਸ ਕਾਰਨ 26 ਲੋਕ ਮਾਰੇ ਗਏ ਹਨ। ਇੰਨਾਂ ਹੀ ਨਹੀਂ ਇਸ ਵਾਇਰਸ ਨੇ ਦੇਸ਼ ਦੇ ਉਪ ਸਿਹਤ ਮੰਤਰੀ ਤੇ ਉਪ ਰਾਸ਼ਟਰਪਤੀ ਤੱਕ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।


author

Baljit Singh

Content Editor

Related News