ਨਿਊਜ਼ੀਲੈਂਡ ''ਚ ਬਣੇ ''ਸਿੱਖ ਸਪੋਰਟਸ ਕੰਪਲੈਕਸ'' ਦਾ ਉਦਘਾਟਨ 22 ਮਾਰਚ ਨੂੰ (ਤਸਵੀਰਾਂ)

02/17/2020 2:14:46 PM

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਚ ਦੁਨੀਆ ਦਾ ਪਹਿਲਾ ਕੌਮਾਂਤਰੀ ਪੱਧਰ ਦਾ ਸਿੱਖ ਸਪੋਰਟਰਸ ਕੰਪਲੈਕਸ ਬਣ ਕੇ ਤਿਆਰ ਹੋ ਗਿਆ ਹੈ। ਇਹ ਕੰਪਲੈਕਸ ਸਿੱਖ ਸੁਪਰੀਮ ਸੁਸਾਇਟੀ ਨਿਊਜ਼ੀਲੈਂਡ ਦੇ ਪ੍ਰਬੰਧਾਂ ਤਿਆਰ ਕੀਤਾ ਗਿਆ ਹੈ। 6 ਲੱਖ ਡਾਲਰ (ਕਰੀਬ 30 ਕਰੋੜ ਰੁਪਏ) ਦੀ ਲਾਗਤ ਨਾਲ ਬਣੇ ਇਸ ਸਿੱਖ ਸਪੋਰਟਸ ਕੰਪਲੈਕਸ ਦਾ ਰਸਮੀ ਉਦਘਾਟਨ 22 ਮਾਰਚ, 2020 ਨੂੰ ਹੋਵੇਗਾ। 

PunjabKesari

ਇਸ ਦੇ ਉਦਘਾਟਨ ਸਮਾਰੋਹ ਵਿਚ ਜਿੱਥੇ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਸ਼ਿਰਕਤ ਕਰੇਗੀ ਉੱਥੇ ਹੀ ਸਿੱਖ ਕੌਮ ਦੀ ਇਸ ਵੱਡੀ ਉਪਲਬਧੀ ਦੇ ਉਦਘਾਟਨ ਵਿਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਤੋਂ ਇਲਾਵਾ ਪੰਜਾਬ ਦੇ ਹੋਰ ਧਾਰਮਿਕ ਤੇ ਸਿਆਸੀ ਆਗੂ ਪਹੁੰਚਣਗੇ। ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਸੰਸਦ ਵਿਚ ਵਿਰੋਧੀ ਧਿਰ ਦੇ ਨੇਤਾ ਸਾਈਮਨ ਬ੍ਰਿਕਸ ਤੋਂ ਇਲਾਵਾ ਹੋਰ ਵੀ ਕਈ ਸਿਆਸੀ ਆਗੂ ਅਤੇ ਭਾਰਤੀ ਭਾਈਚਾਰੇ ਦੇ ਆਗੂ ਪਹੁੰਚ ਰਹੇ ਹਨ। 

PunjabKesari

ਇਸ ਸਬੰਧੀ ਇਕ ਅਖਬਾਰ ਨਾਲ ਗੱਲ ਕਰਦਿਆਂ ਸੁਸਾਇਟੀ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਕੰਪਲੈਕਸ ਵਿਚ ਫੁੱਟਬਾਲ, ਹਾਕੀ, ਕਬੱਡੀ, ਵਾਲੀਬਾਲ, ਨੈੱਟਬਾਲ, ਬਾਸਕਟਬਾਲ,ਕ੍ਰਿਕਟ ਅਤੇ ਦੌੜਾਂ ਲਈ ਟਰੈਕ ਆਦਿ ਬਣ ਕੇ ਤਿਆਰ ਹੋ ਚੁੱਕੇ ਹਨ। ਇਸ ਦਾ ਉਦਘਾਟਨ ਸਮਾਰੋਹ 20 ਮਾਰਚ ਤੋਂ 22 ਮਾਰਚ ਤੱਕ ਰੋਜ਼ ਚੱਲੇਗਾ, ਜਿਸ ਵਿਚ ਜਿੱਥੇ ਵੱਖੋ-ਵੱਖ ਖੇਡਾਂ ਦੇ ਰੋਚਕ ਮੁਕਾਬਲੇ ਕਰਵਾਏ ਜਾਣਗੇ, ਉੱਥੇ ਹੀ ਗੁਰਦੁਆਰਾ ਸਾਹਿਬ ਵਿਚ ਧਾਰਮਿਕ ਸਮਾਗਮ ਵੀ ਚੱਲਣਗੇ। 

PunjabKesari

ਉਹਨਾਂ ਦੱਸਿਆ ਕਿ ਇਹ ਕੰਪਲੈਕਸ ਕੌਮਾਂਤਰੀ ਪੱਧਰ ਦਾ ਹੈ ਕਿਉਂਕਿ ਇਹ ਫੀਫਾ ਕਸੌਟੀ 'ਤੇ ਖਰਾ ਉਤਰਿਆ ਹੈ। ਉੱਥੇ ਹੀ ਇਸ ਵਿਚ ਸੁਰੱਖਿਆ ਕੈਮਰੇ, ਬੈਠਣ ਲਈ ਸੀਟਾਂ, ਕਾਰ ਪਾਰਕਿੰਗ ਅਤੇ ਵੱਡੀਆਂ ਫਲੱਡ ਲਾਈਟਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਦਘਾਟਨ ਸਮਾਰੋਹ ਤੋਂ ਬਾਅਦ ਇਸ ਕੰਪਲੈਕਸ ਦੇ ਖੇਡ ਮੈਦਾਨਾਂ ਦਾ ਜਿੱਥੇ ਭਾਈਚਾਰੇ ਦੇ ਖਿਡਾਰੀ ਲਾਭ ਲੈ ਸਕਣਗੇ ਉੱਥੇ ਹੋਰ ਭਾਈਚਾਰੇ ਅਤੇ ਹਰ ਵਰਗ ਦੇ ਖਿਡਾਰੀ ਇਹਨਾਂ ਮੈਦਾਨਾਂ ਦਾ ਲਾਭ ਲੈ ਸਕਣਗੇ।


Vandana

Content Editor

Related News