ਨਿਊਜ਼ੀਲੈਂਡ ਨੇ ਚੀਨ ਤੋਂ ਵਿਦੇਸ਼ੀ ਨਾਗਰਿਕਾਂ ਦੀ ਯਾਤਰਾ ''ਤੇ ਪਾਬੰਦੀ ਮਿਆਦ ਵਧਾਈ
Monday, Feb 24, 2020 - 12:25 PM (IST)

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿਚ ਚੀਨ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ 'ਤੇ ਲਗਾਈ ਗਈ ਯਾਤਰਾ ਪਾਬੰਦੀ 8 ਦਿਨਾਂ ਲਈ ਵਧਾ ਦਿੱਤੀ ਗਈ ਹੈ। ਅਧਿਕਾਰੀ ਹਰ 2 ਦਿਨਾਂ ਵਿਚ ਪਾਬੰਦੀਆਂ ਦੀ ਸਮੀਖਿਆ ਕਰਨਗੇ। ਜੈਸਿੰਡਾ ਨੇ ਕਿਹਾ,''ਅੱਜ ਮੈਂ ਪੁਸ਼ਟੀ ਕਰਦੀ ਹਾਂ ਕਿ ਕੋਵਿਡ-19 ਦੇ ਪ੍ਰਸਾਰ ਤੋਂ ਬਚਾਅ ਲਈ ਮੁੱਖ ਭੂਮੀ ਚੀਨ ਤੋਂ ਯਾਤਰਾ ਕਰਨ 'ਤੇ ਅਸਥਾਈ ਯਾਤਰਾ ਪਾਬੰਦੀ ਅਗਲੇ 8 ਦਿਨਾਂ ਲਈ ਬਣੀ ਰਹੇਗੀ। ਇਸ ਸਥਿਤੀ ਦੀ ਹਰ 48 ਘੰਟੇ ਵਿਚ ਸਮੀਖਿਆ ਕੀਤੀ ਜਾਵੇਗੀ।''
ਜੈਸਿੰਡਾ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਨਾਗਰਿਕ ਆਪਣੇ ਦੇਸ਼ ਪਰਤ ਸਕਦੇ ਹਨ ਪਰ ਇਸ ਤੋਂ ਪਹਿਲਾਂ ਉਹਨਾਂ 14 ਦਿਨਾਂ ਲਈ ਵੱਖਰੇ ਰਹਿਣਾ ਪਵੇਗਾ। ਇਹ ਪਾਬੰਦੀ 3 ਫਰਵਰੀ ਤੋਂ ਲਾਗੂ ਹੈ। ਨਿਊਜ਼ੀਲੈਂਡ ਵਿਚ ਹਾਲੇ ਤੱਕ ਕੋਵਿਡ-19 ਇਨਫੈਕਸ਼ਨ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਜਦਕਿ ਗੁਆਂਢੀ ਦੇਸ਼ ਆਸਟ੍ਰੇਲੀਆ ਵਿਚ 20 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਨਵੇਂ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਦਸੰਬਰ ਦੇ ਅਖੀਰ ਵਿਚ ਚੀਨ ਵਿਚ ਸਾਹਮਣੇ ਆਇਆ ਸੀ। ਉਦੋਂ ਤੋਂ ਇਹ 25 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਸਥਿਤੀ ਨੂੰ ਗਲੋਬਲ ਸਿਹਤ ਐਮਰਜੈਂਸੀ ਐਲਾਨਿਆ ਹੋਇਆ ਹੈ। ਵਾਇਰਸ ਦੇ ਪ੍ਰਕੋਪ ਨਾਲ ਦੁਨੀਆ ਭਰ ਵਿਚ 77,000 ਤੋਂ ਵੱਧ ਲੋਕ ਇਨਫੈਕਟਿਡ ਹਨ ਅਤੇ ਚੀਨ ਵਿਚ 2,600 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ।