ਆਸਟ੍ਰੇਲੀਆ ''ਚ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਵਧੀ ਠੰਡ
Wednesday, Jun 06, 2018 - 05:25 PM (IST)
ਸਿਡਨੀ, (ਚਾਂਦਪੁਰੀ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸ਼ਹਿਰ ਸਿਡਨੀ 'ਚ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਮੌਸਮ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਮੀਂਹ ਕਾਰਨ ਸਿਡਨੀ ਦੇ ਤਾਪਮਾਨ ਵਿਚ 2-3 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਮੀਂਹ ਕਾਰਨ ਤਾਪਮਾਨ ਵਿਚ ਹੋਰ ਗਿਰਾਵਟ ਆਉਣ ਦੇ ਆਸਾਰ ਹਨ। ਸਿਡਨੀ 'ਚ ਇਸ ਸਮੇਂ ਤਾਪਮਾਨ 13 ਡਿਗਰੀ ਸੈਲਸੀਅਸ ਬਣਿਆ ਹੋਇਆ ਹੈ।

ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਇਸ ਵਾਰ ਆਸਟ੍ਰੇਲੀਆ ਵਿਚ ਠੰਡ ਵਧੇਗੀ। ਮੀਂਹ ਦਾ ਸਿੱਧਾ ਅਸਰ ਸੜਕੀ ਆਵਾਜਾਈ 'ਤੇ ਦੇਖਣ ਨੂੰ ਮਿਲਿਆ ਹੈ। ਮੀਂਹ ਕਾਰਨ ਸੜਕਾਂ ਤੇ ਵਾਹਨਾਂ ਦੀ ਗਿਣਤੀ ਘੱਟ ਰਹੀ। ਲੋਕ ਮੀਂਹ ਦੌਰਾਨ ਘੱਟ ਹੀ ਆਪਣੇ ਘਰਾਂ 'ਚੋਂ ਬਾਹਰ ਨਿਕਲੇ। ਦੱਸਣਯੋਗ ਹੈ ਕਿ ਜਿੱਥੇ ਭਾਰਤ 'ਚ ਇਸ ਸਮੇਂ ਗਰਮੀ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਹੈ, ਉੱਥੇ ਹੀ ਆਸਟ੍ਰੇਲੀਆ ਵਿਚ ਮੌਸਮ ਠੰਡਾ ਹੁੰਦਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਪੱਛਮੀ ਆਸਟ੍ਰੇਲੀਆ 'ਚ ਵੀ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ। ਬਿਜਲੀ ਠੱਪ ਹੋਣ ਕਾਰਨ ਤਕਰੀਬਨ 40,000 ਲੋਕ ਬਿਨਾਂ ਬਿਜਲੀ ਦੇ ਰਹਿਣ ਨੂੰ ਮਜ਼ਬੂਰ ਹਨ। ਭਾਰੀ ਮੀਂਹ ਕਾਰਨ ਸੂਬਾਈ ਐਮਰਜੈਂਸੀ ਅਧਿਕਾਰੀਆਂ ਨੂੰ 24 ਘੰਟਿਆਂ ਦੇ ਅੰਦਰ 100 ਫੋਨ ਕਾਲ ਆਈ, ਜਿਸ 'ਚ ਲੋਕਾਂ ਵਲੋਂ ਮਦਦ ਦੀ ਮੰਗ ਕੀਤੀ ਗਈ। ਉੱਥੇ ਹੀ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਰੌਕਿੰਗਮ 'ਚ ਤੇਜ਼ ਹਨ੍ਹੇਰੀ ਕਾਰਨ ਇਕ ਕਿਸ਼ਤੀ ਪਲਟ ਗਈ। ਸੋਮਵਾਰ ਦੀ ਰਾਤ ਨੂੰ ਪੱਛਮੀ ਆਸਟ੍ਰੇਲੀਆ ਦੇ ਕਈ ਇਲਾਕਿਆਂ 'ਚ 20 ਤੋਂ 40 ਮਿਲੀਮੀਟਰ ਮੀਂਹ ਪਿਆ।
