ਨਿਊ ਸਾਊਥ ਵੇਲਜ਼ ਦੇ ਬਾਰਡਰ ਵਿਕਟੋਰੀਆ ਨਾਲ ਖੁਲ੍ਹੱਣ ਦੀ ਤਾਰੀਖ਼ ਤੈਅ

Wednesday, Nov 04, 2020 - 03:57 PM (IST)

ਨਿਊ ਸਾਊਥ ਵੇਲਜ਼ ਦੇ ਬਾਰਡਰ ਵਿਕਟੋਰੀਆ ਨਾਲ ਖੁਲ੍ਹੱਣ ਦੀ ਤਾਰੀਖ਼ ਤੈਅ

ਸਿਡਨੀ (ਬਿਊਰੋ): ਨਿਊ ਸਾਊਥ ਵੇਲਜ਼ 23 ਨਵੰਬਰ ਨੂੰ ਵਿਕਟੋਰੀਆ ਦੇ ਨਾਲ ਸਰਹੱਦ ਖੋਲ੍ਹ ਦੇਵੇਗਾ। ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਨੇ ਸਿਹਤ ਅਧਿਕਾਰੀਆਂ ਅਤੇ ਵਿਕਟੋਰੀਆ ਸਰਕਾਰ ਨਾਲ ਮਿਲ ਕੇ ਇਹ ਫ਼ੈਸਲਾ ਲਿਆ ਹੈ ਕਿ ਰਾਜ ਦੀਆਂ ਸਰਹੱਦਾਂ ਵਿਕਟੋਰੀਆ ਰਾਜ ਦੇ ਨਾਲ 23 ਨਵੰਬਰ ਨੂੰ ਅੱਧੀ ਰਾਤ ਸਮੇਂ ਖੋਲ੍ਹ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਉਕਤ ਸੀਮਾਵਾਂ ਕੋਰੋਨਾ ਕਾਰਨ ਬੀਤੇ ਕਈ ਮਹੀਨਿਆਂ ਤੋਂ ਬੰਦ ਹਨ ਅਤੇ ਲੋਕਾਂ ਦੀ ਪੁਰਜ਼ੋਰ ਮੰਗ ਅਤੇ ਕੋਰੋਨਾ ਦੀ ਮੱਠੀ ਪਈ ਚਾਲ ਅਤੇ ਸੁਧਰਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਉਕਤ ਫ਼ੈਸਲਾ ਲਿਆ ਗਿਆ। 

 

ਤਾਰੀਖ਼ ਦਾ ਐਲਾਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹੁਣ ਲੋਕ ਮਿੱਥੀ ਤਾਰੀਖ਼ ਨੂੰ ਆਵਾਗਮਨ ਦੇ ਆਪਣੇ ਪ੍ਰੋਗਰਾਮ ਬਣਾ ਸਕਦੇ ਹਨ। ਸਿਹਤ ਮੰਤਰੀ ਬਰੈਡ ਹੈਜ਼ਾਰਡ ਨੇ ਵੀ ਕਿਹਾ ਕਿ ਵਿਕਟੋਰੀਆਈ ਸਰਕਾਰ ਇਸੇ ਤਾਰੀਖ਼ ਨੂੰ ਹੀ ਮੈਲਬੌਰਨ ਉਪਰ ਲਗਾਈ ‘ਰਿੰਗ ਆਫ ਸਟੀਲ’ ਵਾਲੀ ਪਾਬੰਦੀ ਵੀ ਚੁੱਕਣ ਜਾ ਰਹੀ ਹੈ ਜਿਸ ਨਾਲ ਕਿ ਮੈਲਬੌਰਨ ਦੇ ਨਿਵਾਸੀ ਵੀ ਰਾਜ ਦੇ ਹੋਰਨਾਂ ਹਿੱਸਿਆਂ ਵਿਚ ਆ ਜਾ ਸਕਦੇ ਹਨ। ਬਹੁਤ ਸਾਰੇ ਕੰਮ-ਧੰਦਿਆਂ ਦੇ ਰੁਕੇ ਹੋਣ ਦੇ ਨਾਲ-ਨਾਲ ਬਹੁਤ ਸਾਰੇ ਪਰਿਵਾਰ ਵੀ ਅਜਿਹੇ ਹਨ ਜਿਹੜੇ ਕਿ ਮਹੀਨਿਆਂ ਤੋਂ ਆਪਸ ਵਿਚ ਵਿਛੜੇ ਬੈਠੇ ਹਨ। ਉਹ ਵੀ ਹੁਣ ਇੱਕ ਦੂਜੇ ਨੂੰ ਮਿਲ ਸਕਣਗੇ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਰਿਕਾਰਡ ਵੋਟਿੰਗ ਹੋਣ ਦਾ ਅਨੁਮਾਨ, 16 ਕਰੋੜ ਤੋਂ ਵੱਧ ਲੋਕ ਕਰਦੇ ਸਨ ਵੋਟਿੰਗ

ਨਿਊ ਸਾਊਥ ਵੇਲਜ਼ ਦੇ ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚੈਂਟ ਨੇ ਕਿਹਾ ਕਿ ਦੋਹਾਂ ਰਾਜਾਂ ਦੀਆਂ ਸਰਕਾਰਾਂ ਅਤੇ ਸਿਹਤ ਅਧਿਕਾਰੀ ਆਪਸ ਵਿਚ ਪੂਰਾ ਤਾਲਮੇਲ ਰੱਖ ਰਹੇ ਹਨ ਅਤੇ ਮੌਜੂਦਾ ਤੇ ਭਵਿੱਖ ਵਿਚ ਹੋਣ ਵਾਲੀਆਂ ਗਤੀਵਿਧੀਆਂ ਉਪਰ ਸਾਰਿਆਂ ਦੀ ਹੀ ਪੈਨੀ ਨਜ਼ਰ ਹੈ। ਉਨ੍ਹਾਂ ਨੇ ਕਿਹਾ ਕਿ ਦੋਹਾਂ ਰਾਜਾਂ ਦੇ ਅਧਿਕਾਰੀਆਂ ਦਾ ਸਭ ਤੋਂ ਪਹਿਲਾ ਅਤੇ ਅਹਿਮ ਫ਼ਰਜ਼ ਹੈ ਕਿ ਜਨਤਕ ਸਿਹਤ ਦਾ ਸਭ ਤੋਂ ਪਹਿਲਾਂ ਧਿਆਨ ਰੱਖਿਆ ਜਾਵੇ।


author

Vandana

Content Editor

Related News