ਇਟਲੀ ਵਿਚ ਬਣ ਰਹੇ ਨਵੇਂ ਪਾਸਪੋਰਟ ,''ਆਸ ਦੀ ਕਿਰਨ'' ਸੰਸਥਾ ਭਾਰਤੀ ਅੰਬੈਸੀ ਰੋਮ ਦੀ ਕਰ ਰਹੀ ਮਦਦ

05/25/2020 2:46:59 PM

ਰੋਮ/ਮਿਲਾਨ (ਕੈਂਥ,ਚੀਨੀਆ )- ਪਿਛਲੇ ਦਿਨੀਂ 2012 ਤੋਂ ਬਾਅਦ ਇਟਲੀ ਸਰਕਾਰ ਵਲੋਂ ਜਿਉਂ ਹੀ ਬਿਨਾਂ ਪੇਪਰਾਂ ਤੋਂ ਰਹਿ ਰਹੇ ਪ੍ਰਵਾਸੀ ਕਾਮਿਆਂ ਨੂੰ ਪੇਪਰ ਦੇਣ ਦਾ ਐਲਾਨ ਕੀਤਾ ਗਿਆ ਹੈ ਤਾਂ ਭਾਈਚਾਰਾ ਖੁਸ਼ ਹੋ ਗਿਆ। ਇਸ ਅਧੀਨ ਭਾਰਤੀ ਮੂਲ ਨਾਲ ਸੰਬੰਧਤ ਬਿਨਾਂ ਪੇਪਰਾਂ ਤੋਂ ਰਹਿ ਰਹੇ ਕਾਮਿਆਂ ਨੂੰ ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਨਹੀਂ ਹੈ, ਨੂੰ ਲਾਮ ਬੰਦ ਕਰਨ ਲਈ ਇਟਲੀ ਵਿੱਚ ਭਾਰਤੀ ਭਾਈਚਾਰੇ ਨਾਲ ਸੰਬੰਧਤ ਸਮਾਜਿਕ ਸੇਵਾਵਾਂ ਨਿਭਾ ਰਹੀਆਂ ਜੱਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਸਰਗਰਮ ਹੋ ਗਈਆਂ ਸਨ। ਪਿਛਲੇ ਦਿਨੀਂ ਇਟਲੀ ਰੋਮ ਸਥਿਤ ਭਾਰਤੀ ਅੰਬੈਸੀ ਨੇ ਇਨ੍ਹਾਂ ਦੀ ਸਮੱਸਿਆ ਨੂੰ ਦੇਖਦਿਆਂ ਹੋਇਆਂ ਬਹੁਤ ਹੀ ਸਰਲ ਤਰੀਕੇ ਨਾਲ ਪਾਸਪੋਰਟ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਨਿਰੰਤਰ ਚੱਲ ਰਹੀਆਂ ਹਨ,ਜਿਸ ਕਾਰਨ ਅੰਬੈਸੀ ਨੇ ਪਾਸਪੋਰਟ ਲੈਣ ਸੰਬੰਧੀ ਬਿਨੈਕਾਰਾਂ ਨੂੰ ਸਿੱਧੇ ਅੰਬੈਸੀ ਆ ਕੇ ਪਾਸਪੋਰਟ ਦੀ ਅਰਜ਼ੀ ਜਮ੍ਹਾ ਕਰਵਾਉਣ ਦੀ ਥਾਂ ਅੰਬੈਸੀ ਵਲੋਂ ਨਿਯੁਕਤ ਵਲੰਟੀਅਰਾਂ ਦੇ ਕੋਲ ਅਰਜੀ ਜਮ੍ਹਾ ਕਰਵਾਉਣ ਦੀ ਗੱਲ ਆਖੀ। ਇਸ ਤਹਿਤ 'ਆਸ ਦੀ ਕਿਰਨ' ਸੰਸਥਾ ਵੱਲੋਂ ਬੀਤੇ ਦਿਨਾਂ ਵਿੱਚ ਦੇਰ ਰਾਤ ਤੱਕ ਅਪਰੀਲੀਆ ਤੇ ਤੁਰਸਾਲੋਰੇਨਸੋ ਸ਼ਹਿਰ ਅਤੇ ਰੋਮ ਦੇ ਨਜ਼ਦੀਕ ਪੈਂਦੇ ਲਵੀਨੀਓ ਸਹਿਰ ਵਿੱਚ ਪਾਸਪੋਰਟ ਸੰਬੰਧੀ ਫ਼ਾਰਮ ਭਰੇ ਗਏ ਹਨ।

ਇਟਲੀ ਵਿੱਚ ਤਕਰੀਬਨ ਇੱਕ ਸਾਲ ਤੋਂ ਆਪਣੀਆਂ ਸਮਾਜ ਪ੍ਰਤੀ ਸੇਵਾਵਾਂ ਨਿਭਾ ਰਹੀ ਆਸ ਦੀ ਕਿਰਨ ਸੰਸਥਾ ਵਲੋਂ ਪਾਸਪੋਰਟ ਬਣਾਉਣ ਲਈ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ । ਸੰਸਥਾ ਦੇ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਭਾਰਤੀ ਅੰਬੈਸੀ ਰੋਮ ਨਾਲ ਮਿਲ ਕੇ ਇਟਲੀ ਦੇ ਰੋਮ ਅਤੇ ਲਤੀਨਾ ਦੇ ਆਸ ਪਾਸ ਰਹਿ ਰਹੇ ਭਾਰਤੀਆਂ ਲਈ ਪਾਸਪੋਰਟ ਬਣਾਉਣ ਦੀ ਪ੍ਰਕਿਰਿਆਵਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤਹਿਤ ਅਪਰੀਲੀਆ, ਅਨਸੀਓ, ਲਵੀਨੀਉ, ਤੁਰਸਾਲੋਰੇਨਸੋ, ਪੋਮੇਸੀਆ ਆਦਿ ਸ਼ਹਿਰਾਂ ਵਿੱਚ ਨਿਸ਼ਕਾਮ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵੀ ਲੋੜਵੰਦ ਵਿਅਕਤੀਆਂ ਨੇ ਪਾਸਪੋਰਟ ਬਣਾਉਣੇ ਹਨ, ਉਹ ਸਾਡੇ ਫੇਸਬੁੱਕ ਪੇਜ ਤੇ ਜਾਂ ਕੇ ਸਾਡੇ ਫੋਨ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ।

ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ 'ਆਸ ਦੀ ਕਿਰਨ' ਸੰਸਥਾ ਰੋਮ ਇਹ ਸੇਵਾਵਾਂ ਬਿਨਾਂ ਕਿਸੇ ਖ਼ਰਚ ਤੇ ਹਰ ਇੱਕ ਵਿਅਕਤੀ ਲਈ ਕਰੇਗੀ ਅਤੇ ਸਾਡਾ ਸਮਾਜ ਪ੍ਰਤੀ ਇਕੋ-ਇਕ ਮਕਸਦ ਹੈ ਕਿ ਇਟਲੀ ਵਿੱਚ ਕੋਈ ਵੀ ਵਿਅਕਤੀ ਇਸ ਵਾਰ ਭਾਰਤੀ ਪਾਸਪੋਰਟ ਤੋਂ ਬਿਨਾਂ ਨਾ ਰਹਿ ਜਾਵੇ, ਪਾਸਪੋਰਟ ਉਮੀਦਵਾਰ ਨੂੰ ਸਿਰਫ ਭਾਰਤੀ ਅੰਬੈਸੀ ਦੀ ਫੀਸ ਹੀ ਦੇਣੀ ਪਵੇਗੀ, ਜੋ ਕਿ ਭਾਰਤੀ ਅੰਬੈਸੀ ਵਲੋਂ ਨਿਰਧਾਰਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਾਡੀ ਸੰਸਥਾ ਭਾਰਤੀ ਅੰਬੈਸੀ ਰੋਮ ਦੇ ਅੰਬੈਸਡਰ ਮੈਡਮ ਰੀਨਤ ਸੰਧੂ ਜੀ ਅਤੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਨ ਕਰਦੀ ਹੈ ਅਤੇ ਸਾਡੀ ਸੰਸਥਾ ਭਾਰਤੀ ਅੰਬੈਸੀ ਰੋਮ ਨਾਲ਼ ਮਿਲ਼ ਕੇ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਪਾਸਪੋਰਟ ਮੁਹੱਈਆ ਕਰਵਾ ਸਕੀਏ,ਤਾਂ ਜੋ ਪਿਛਲੇ ਲੰਬੇ ਸਮੇਂ ਤੋਂ ਇਟਲੀ ਵਿੱਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਭਾਰਤੀ ਆਪਣੇ ਪਰਿਵਾਰਾਂ ਨੂੰ ਭਾਰਤ ਜਾ ਕੇ ਮਿਲ ਸਕਣ।


Lalita Mam

Content Editor

Related News