ਅਹਿਮ ਖ਼ਬਰ: UAE ’ਚ ਲਾਗੂ ਹੋਇਆ ਨਵਾਂ ਕਾਨੂੰਨ, ਹੁਣ ਭਾਰਤੀਆਂ ਨੂੰ ਮਿਲਣਗੇ ਇਹ ਅਧਿਕਾਰ
Friday, Feb 04, 2022 - 07:47 PM (IST)
ਆਬੂਧਾਬੀ: ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਭਾਰਤੀਆਂ ਲਈ ਖ਼ੁਸ਼ਖ਼ਬਰੀ ਹੈ। 2 ਫਰਵਰੀ ਤੋਂ ਦੇਸ਼ ਵਿਚ ਨਵਾਂ ਲੇਬਰ ਕਾਨੂੰਨ ਲਾਗੂ ਹੋ ਗਿਆ ਹੈ, ਜਿਸ ਦਾ ਖਾਕਾ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿਚ ਪੇਸ਼ ਕੀਤਾ ਸੀ। ਨਵੇਂ ਕਾਨੂੰਨ ਵਿਚ ਕਾਮਿਆਂ ਨੂੰ ਨਵੇਂ ਅਧਿਕਾਰ ਦਿੱਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਨਵੇਂ ਕਾਨੂੰਨ ਨਾਲ ਭਾਰਤੀ ਕਾਮਿਆਂ ਨੂੰ ਵੀ ਕਈ ਫ਼ਾਇਦੇ ਮਿਲਣਗੇ। ਯੂ.ਏ.ਈ. ਦੀ ਅਰਥਵਿਵਸਥਾ ਵਿਚ ਭਾਰਤੀ ਨਾਗਰਿਕਾਂ ਦਾ ਵੱਡਾ ਯੋਗਦਾਨ ਹੈ।
ਇਹ ਵੀ ਪੜ੍ਹੋ: ਨਾਈਜੀਰੀਆ ’ਚ 2 ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ, ਮੌਕੇ ’ਤੇ 19 ਲੋਕਾਂ ਦੀ ਮੌਤ
ਭਾਰਤੀ ਨਾਗਰਿਕ ਸੰਯੁਕਤ ਅਰਬ ਅਮੀਰਾਤ ਦੀ ਕੁੱਲ ਆਬਾਦੀ ਦਾ 40 ਫ਼ੀਸਦੀ ਹਿੱਸਾ ਹਨ ਅਤੇ ਉਨ੍ਹਾਂ ਦੀ ਗਿਣਤੀ 35 ਲੱਖ ਹੈ। ਵੱਡੀ ਗਿਣਤੀ ਵਿਚ ਭਾਰਤੀ ਨਾਗਰਿਕ ਯੂ.ਏ.ਈ. ਦੇ ਨਿੱਜੀ ਖੇਤਰ ਵਿਚ ਕੰਮ ਕਰਦੇ ਹਨ। ਨਵਾਂ ਫੈਡਰਲ ਫਰਮਾਨ ਕਾਨੂੰਨ ਨੰਬਰ 33, ਕਾਮਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਦੀ ਗਰੰਟੀ ਦਿੰਦਾ ਹੈ। ਯੂ.ਏ.ਈ. ਦੇ ਮਨੁੱਖੀ ਸੰਸਾਧਨ ਮੰਤਰਾਲਾ ਨੇ ਕਿਹਾ ਕਿ ਨਵੇਂ ਕਾਨੂੰਨ ਮੁਤਾਬਕ ਹੁਣ ਨੌਕਰੀ ਦੇ ਇਕਰਾਰਨਾਮੇ ਵਿਚ ਹਰ ਵੇਰਵੇ ਨੂੰ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਭਾਰਤ-ਪਾਕਿ ਵਿਚਾਲੇ ਚੱਲ ਰਹੀ ਹੈ ਗੱਲਬਾਤ, ਇਸਲਾਮਾਬਾਦ ਜਾ ਸਕਦੇ ਨੇ PM ਮੋਦੀ: ਕਾਰੋਬਾਰੀ ਦਾ ਦਾਅਵਾ
ਨਵੇਂ ਇਕਰਾਰਨਾਮੇ ਵਿਚ ਕਰਮਚਾਰੀ, ਉਸ ਦੇ ਮਾਲਕ, ਕੰਮ ਦਾ ਵੇਰਵਾ, ਕੰਮ ਦੇ ਘੰਟੇ, ਛੁੱਟੀਆਂ, ਜੁਆਇਨ ਕਰਨ ਦੀ ਮਿਤੀ, ਕੰਮ ਕਰਨ ਦੀ ਥਾਂ, ਤਨਖ਼ਾਹ, ਸਾਲਾਨਾ ਛੁੱਟੀ, ਨੋਟਿਸ ਪੀਰੀਅਡ ਸਮੇਤ ਹਰ ਜਾਣਕਾਰੀ ਸ਼ਾਮਲ ਹੋਵੇਗੀ। ਗਲਫ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਯੂ.ਏ.ਈ. ਦੇ ਵਕੀਲ ਅਲੀ ਮੁਸਾਬਾ ਨੇ ਕਿਹਾ ਕਿ ਨਵੇਂ ਕਾਨੂੰਨ ਨਾਲ ਨੌਕਰੀ ਦਾ ਇਕਰਾਰਨਾਮਾ ਹੁਣ ਸੀਮਤ ਸਮੇਂ ਲਈ ਹੋਵੇਗਾ, ਜਦਕਿ ਪਹਿਲਾਂ ਅਜਿਹਾ ਨਹੀਂ ਸੀ। ਕੰਪਨੀਆਂ ਹੁਣ ਵੱਧ ਤੋਂ ਵੱਧ 3 ਸਾਲਾਂ ਦੀ ਮਿਆਦ ਲਈ ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖ ਸਕਣਗੀਆਂ।
ਇਹ ਵੀ ਪੜ੍ਹੋ: ਕਾਂਗੋ ’ਚ ਵੱਡਾ ਅੱਤਵਾਦੀ ਹਮਲਾ, 60 ਲੋਕਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਇਸ ਤੋਂ ਬਾਅਦ ਇਸਨੂੰ ਦੁਬਾਰਾ ਰੀਨਿਊ ਕਰਨਾ ਹੋਵੇਗਾ। ਸਰਕਾਰ ਨੇ ਸਾਰੀਆਂ ਪ੍ਰਾਈਵੇਟ ਕੰਪਨੀਆਂ ਨੂੰ ਨਵੇਂ ਕਾਨੂੰਨ ਮੁਤਾਬਕ ਨਵੇਂ ਇਕਰਾਰਨਾਮੇ ਦਾ ਖਰੜਾ ਤਿਆਰ ਕਰਨ ਲਈ ਕਿਹਾ ਹੈ। ਕਾਨੂੰਨ ਦੇ ਲਾਗੂ ਹੋਣ ਦੇ ਇਕ ਸਾਲ ਦੇ ਅੰਦਰ ਕੰਪਨੀਆਂ ਨੂੰ ਆਪਣੇ ਨੌਕਰੀ ਦੇ ਇਕਰਾਰਨਾਮੇ ਵਿਚ ਬਦਲਾਅ ਕਰਨਾ ਹੋਵੇਗਾ। ਨਵੇਂ ਕਾਨੂੰਨ ਨਾਲ ਹੁਣ ਕੋਈ ਵੀ ਮਾਲਕ ਹਮੇਸ਼ਾ ਲਈ ਕਿਸੇ ਕਰਮਚਾਰੀ ਨੂੰ ਕੰਮ ’ਤੇ ਨਹੀਂ ਰੱਖ ਸਕੇਗਾ। ਮੁਸਾਬਾ ਨੇ ਕਿਹਾ ਕਿ ਹੁਣ ਕਾਮਿਆਂ ਨੂੰ ਕੁਝ ਨਵੀਆਂ ਛੁੱਟੀਆਂ ਵੀ ਮਿਲਣਗੀਆਂ। ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਹਰ ਹਫ਼ਤੇ ਘੱਟੋ-ਘੱਟ ਇਕ ਛੁੱਟੀ ਦੇਣੀ ਹੋਵੇਗੀ।
ਇਹ ਵੀ ਪੜ੍ਹੋ: ਕਰੈਸ਼ ਹੋਣ ਤੋਂ ਮਸਾਂ ਬਚਿਆ ਬ੍ਰਿਟਿਸ਼ ਏਅਰਵੇਜ਼ ਦਾ ਜਹਾਜ਼, ਕੈਮਰੇ ’ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ (ਵੀਡੀਓ)
ਇਸ ਤੋਂ ਇਲਾਵਾ ਘਰ ਵਿਚ ਕਿਸੇ ਦੀ ਮੌਤ ਹੋਣ ’ਤੇ ਤਿੰਨ ਤੋਂ ਪੰਜ ਛੁੱਟੀਆਂ, ਇਮਤਿਹਾਨ ਦੀ ਤਿਆਰੀ ਲਈ 10 ਦਿਨ ਦੀ ਛੁੱਟੀ, ਔਰਤਾਂ ਨੂੰ 60 ਦਿਨਾਂ ਦੀ ਜਣੇਪਾ ਛੁੱਟੀ, ਗਰਭ ਅਵਸਥਾ ਦੌਰਾਨ 45 ਦਿਨ ਦੀ ਛੁੱਟੀ ਤਨਖ਼ਾਹ ਸਮੇਤ ਅਤੇ 15 ਦਿਨਾਂ ਦੀ ਛੁੱਟੀ ਅੱਧੀ ਤਨਖ਼ਾਹ ਨਾਲ ਸ਼ਰਤ ਦੇ ਨਾਲ ਦਿੱਤੀ ਜਾਵੇਗੀ। ਨਵਾਂ ਕਾਨੂੰਨ ਕਾਮਿਆਂ ਅਤੇ ਮਾਲਕਾਂ ਵਿਚਕਾਰ ਪਾਰਦਰਸ਼ਤਾ ਨੂੰ ਵਧਾਏਗਾ। ਨਵੇਂਂ ਲੇਬਰ ਕਾਨੂੰਨ ਨੂੰ ਲਾਗੂ ਕਰਨ ਪਿੱਛੇ ਯੂ.ਏ.ਈ. ਦਾ ਮਕਸਦ ਵਿਦੇਸ਼ੀ ਕਾਮਿਆਂ ਨੂੰ ਲੁਭਾਉਣਾ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਮਾਲਕਾਂ ਅਤੇ ਯੂ.ਏ.ਈ. ਦੇ ਕਾਮਿਆਂ ਵਿਚਕਾਰ ਬਿਹਤਰ ਸਬੰਧ ਬਣਨਗੇ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।