FLYGTA ਦਾ ਟੋਰਾਂਟੋ ਤੇ ਕਿੰਗਸਟਨ ਵਾਸੀਆਂ ਨੂੰ ਤੋਹਫਾ, ਸ਼ੁਰੂ ਹੋਵੇਗੀ ਨਵੀਂ ਉਡਾਣ
Wednesday, Sep 02, 2020 - 09:13 AM (IST)
 
            
            ਓਟਾਵਾ- ਟੋਰਾਂਟੋ ਦੀ ਨਵੀਂ ਏਅਰਲਾਈਨ ਇਸ ਮਹੀਨੇ ਟੋਰਾਂਟੋ ਤੋਂ ਕਿੰਗਸਟਨ ਲਈ ਉਡਾਣ ਸੇਵਾਵਾਂ ਸ਼ੁਰੂ ਕਰਨ ਜਾ ਰਹੀ ਹੈ।
ਟੋਰਾਂਟੋ ਤੋਂ ਨਿਆਗਰਾ, ਵਾਟਰਲੂ ਅਤੇ ਮੁਸਕੋਕਾ ਫਲਾਈਟਾਂ ਦਾ ਸੰਚਾਲਨ ਕਰਨ ਵਾਲੀ ਕੰਪਨੀ ਫਲਾਈ ਜੀ. ਟੀ. ਏ. ਹੁਣ ਟੋਰਾਂਟੋ ਤੋਂ ਕਿੰਗਸਟਨ ਲਈ ਵੀ ਸੇਵਾਵਾਂ ਦੇਣ ਜਾ ਰਹੀ ਹੈ। 10 ਸਤੰਬਰ ਤੋਂ ਕੰਪਨੀ ਸੇਵਾਵਾਂ ਦੇਣੀਆਂ ਸ਼ੁਰੂ ਕਰੇਗੀ । ਇਹ ਉਡਾਣ ਸੇਵਾ ਹਫਤੇ ਵਿਚ ਵੀਰਵਾਰ ਤੋਂ ਐਤਵਾਰ ਤੱਕ ਉਪਲੱਬਧ ਹੋਵੇਗੀ।

ਏਅਰਪੋਰਟ ਮੈਨੇਜਰ ਐਰਨ ਵਿਨਟਰਸਟਿਨ ਨੇ ਕਿਹਾ ਕਿ ਤਿੰਨ ਸਾਲ ਪੁਰਾਣੀ ਏਅਰਲਾਈਨ ਨਾਲ ਕੋਰੋਨਾ ਵਾਇਰਸ ਫੈਲਣ ਤੋਂ ਪਹਿਲਾਂ ਹੀ ਗੱਲਬਾਤ ਹੋ ਗਈ ਸੀ ਤੇ ਸ਼ਹਿਰ ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਕਾਫੀ ਉਤਸ਼ਾਹਤ ਹੈ। ਇਹ ਨਿਯਮਤ ਉਡਾਣ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਮਹੱਤਵਪੂਰਣ ਕਦਮ ਹੈ ਅਤੇ ਸਾਡੇ ਹਵਾਈ ਅੱਡੇ ਤੇ ਪੋਰਟਰ ਏਅਰਲਾਈਨ ਵਿਚਕਾਰ ਅਣਮੁੱਲੀ ਕੜੀ ਬਣਾਉਂਦਾ ਹੈ। ਅਸੀ ਯਾਤਰੀਆਂ ਦਾ ਸੁਰੱਖਿਅਤ ਸਵਾਗਤ ਕਰਨ ਲਈ ਤਿਆਰ ਹਾਂ।
ਇਸ ਦੇ ਨਾਲ ਟੋਰਾਂਟੋ ਤੋਂ ਕਿੰਗਸਟਨ ਦਾ ਸਫਰ ਲਗਭਗ 30 ਮਿੰਟਾਂ ਦਾ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲ ਹੈ ਤੇ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਹਰ ਯਾਤਰੀ ਨੂੰ ਸੁਰੱਖਿਅਤ ਤੇ ਆਰਾਮਦਾਇਕ ਸੁਵਿਧਾ ਦੇ ਸਕਣ।
ਕਿੰਗਸਟਨ ਟੂਰਿਜ਼ਮ ਦੀ ਕਾਰਜਕਾਰੀ ਨਿਰਦੇਸ਼ਕ ਮੈਗਨ ਨੋਟ ਨੇ ਕਿਹਾ ਕਿ ਉਹ ਇਸ ਦਾ ਸਵਾਗਤ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਸ਼ਹਿਰ ਵਿਚ ਸੈਲਾਨੀ ਵਧਣਗੇ। ਉਨ੍ਹਾਂ ਕਿਹਾ ਕਿ ਅਸੀਂ ਖੁਸ਼ ਹਾਂ ਕਿ ਸਾਡਾ ਸੋਹਣਾ ਹਵਾਈ ਅੱਡਾ ਯਾਤਰੀਆਂ ਦਾ ਸਵਾਗਤ ਕਰੇਗਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            