ਭੂਚਾਲ ਦਾ ਪਹਿਲਾਂ ਤੋਂ ਹੀ ਅਨੁਮਾਨ ਲਾ ਸਕਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਨਵੀਂ ਪ੍ਰਣਾਲੀ

10/23/2017 11:59:30 PM

ਲੰਡਨ— ਵਿਗਿਆਨੀਆਂ ਨੇ ਇਕ ਅਜਿਹੀ ਆਰਟੀਫੀਸ਼ੀਅਲ ਇੰਟੈਂਲੀਜੈਂਸ ਪ੍ਰਣਾਲੀ ਵਿਕਸਤ ਕੀਤੀ ਹੈ ਜੋ ਭੂਚਾਲ ਦਾ ਪਹਿਲਾਂ ਹੀ ਅਨੁਮਾਨ ਲਾ ਸਕਦੀ ਹੈ। ਟੈਕਨਾਲੋਜੀ ਦੇ ਖੇਤਰ ਦੀ ਇਹ ਪ੍ਰਗਤੀ ਕੁਦਰਤੀ ਆਫਤਾਂ ਲਈ ਤਿਆਰ ਰਹਿਣ ਅਤੇ ਜੀਵਨ ਬਚਾਉਣ ਦੀਆਂ ਸੰਭਾਵਨਾਵਾਂ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ। ਅਧਿਐਨ 'ਚ ਇਕ ਲੁਕੇ ਹੋਏ ਸੰਕੇਤ ਦੀ ਪਛਾਣ ਕੀਤੀ ਗਈ ਹੈ ਜੋ ਭੂਚਾਲ ਦੇ ਆਉਣ ਦੀ ਪੇਸ਼ਗੀ ਸੂਚਨਾ ਦੇ ਦਿੰਦਾ ਹੈ। ਇਸ 'ਸੰਕੇਤ' ਦੀ ਵਰਤੋਂ ਭੂਚਾਲ ਦੇ ਆਉਣ ਦੀ ਸੰਭਾਵਨਾ ਨੂੰ ਸਮਝਣ ਵਾਲੀ ਮਸ਼ੀਨ ਨੂੰ ਤਿਆਰ ਕਰਨ ਲਈ ਕੀਤੀ ਗਈ ਹੈ ਜੋ ਭਵਿੱਖ 'ਚ ਆਉਣ ਵਾਲੇ ਭੂਚਾਲਾਂ ਦਾ ਪਹਿਲਾਂ ਹੀ ਅਨੁਮਾਨ ਲਾ ਸਕਦੀ ਹੈ। 
ਬਰਤਾਨੀਆ ਦੇ ਪ੍ਰਸਪਰ ਪ੍ਰਭਾਵ ਅਤੇ ਇਸ ਨਾਲ ਜੁੜੇ ਵੱਖ-ਵੱਖ ਪੱਖਾਂ ਦਾ ਅਧਿਐਨ ਕੀਤਾ ਗਿਆ ਤਾਂ ਜੋ ਭੂਚਾਲ ਦੀ ਪੇਸ਼ਗੀ ਸੂਚਨਾ ਹਾਸਲ ਕਰਨ ਦਾ ਤਰੀਕਾ ਵਿਕਸਤ ਕੀਤਾ ਜਾ ਸਕੇ। ਖੋਜਕਰਤਾਵਾਂ ਨੇ ਦੱਸਿਆ ਕਿ ਭੂਚਾਲ ਦੀ ਆਹਟ ਸਮਝਣ ਵਾਲੀ ਮਸ਼ੀਨ ਭੂਚਾਲ ਦੇ ਆਉਣ ਤੋਂ ਕਈ ਘੰਟੇ ਪਹਿਲਾਂ ਸੁਣਾਈ ਦਿੱਤੀ ਜਾ ਸਕਣ ਵਾਲੀ ਆਵਾਜ਼ ਨੂੰ ਪਛਾਣ ਸਕਦੀ ਹੈ। ਹੁਣ ਤਕ ਅਜਿਹੀ ਆਹਟ ਨੂੰ ਐਵੇਂ ਰੌਲਾ ਹੀ ਸਮਝਿਆ ਜਾਂਦਾ ਸੀ। ਇਸ ਆਵਾਜ਼ ਰਾਹੀਂ ਇਹ ਅਨੁਮਾਨ ਲਾਇਆ ਜਾ ਸਕੇਗਾ ਕਿ ਭੂਚਾਲ ਕਿੰਨੀ ਦੇਰ ਬਾਅਦ ਆਉਣ ਵਾਲਾ  ਹੈ ਤੇ ਨਾਲ ਹੀ ਉਸ ਦੀ ਤੀਬਰਤਾ ਦਾ ਅੰਦਾਜ਼ਾ ਵੀ ਲਾਇਆ ਜਾ ਸਕੇਗਾ।


Related News