ਨੇਪਾਲ ਜਹਾਜ਼ ਹਾਦਸਾ; ਇਕ ਝਟਕੇ 'ਚ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

Wednesday, Jul 24, 2024 - 05:18 PM (IST)

ਇੰਟਰਨੈਸ਼ਨਲ ਡੈਸਕ- ਨੇਪਾਲ ਦੇ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੁੱਧਵਾਰ ਸਵੇਰੇ ਇਕ ਜਹਾਜ਼ ਹਾਦਸੇ ਵਿਚ 18 ਲੋਕਾਂ ਦੀ ਮੌਤ ਹੋ ਗਈ। ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੂਰਿਆ ਏਅਰਲਾਈਨਜ਼ ਦਾ ਜਹਾਜ਼ 19 ਯਾਤਰੀਆਂ ਨੂੰ ਲੈ ਕੇ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਜਹਾਜ਼ 'ਚ ਕੁੱਲ 19 ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਸਿਰਫ ਇਕ ਪਾਇਲਟ ਨੂੰ ਬਚਾਇਆ ਜਾ ਸਕਿਆ। ਹੁਣ ਪਤਾ ਲੱਗਾ ਹੈ ਕਿ ਇਸ ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।

ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ

ਏਅਰਲਾਈਨਜ਼ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕਰੈਸ਼ ਹੋਏ ਜਹਾਜ਼ 'ਚ ਫਲਾਈਟ ਮੇਨਟੇਨੈਂਸ ਸਟਾਫ ਮਨੂਰਾਜ ਸ਼ਰਮਾ ਆਪਣੀ ਪਤਨੀ ਪ੍ਰਿਜਾ ਖਾਤੀਵਾੜਾ ਅਤੇ ਚਾਰ ਸਾਲ ਦੇ ਬੇਟੇ ਅਧਿਰਾਜ ਸ਼ਰਮਾ ਨਾਲ ਸਫਰ ਕਰ ਰਹੇ ਸਨ। ਇਸ ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ। ਬਿਆਨ ਮੁਤਾਬਕ ਪ੍ਰਿਜਾ ਵੀ ਸਰਕਾਰੀ ਮੁਲਾਜ਼ਮ ਸੀ ਅਤੇ ਊਰਜਾ ਮੰਤਰਾਲੇ ਵਿੱਚ ਸਹਾਇਕ ਕੰਪਿਊਟਰ ਆਪਰੇਟਰ ਵਜੋਂ ਕੰਮ ਕਰ ਰਹੀ ਸੀ। ਦੱਸ ਦਈਏ ਕਿ ਹਾਦਸੇ 'ਚ ਮਰਨ ਵਾਲਿਆਂ 'ਚੋਂ 17 ਸੌਰਯਾ ਏਅਰਲਾਈਨਜ਼ ਦੇ ਕਰਮਚਾਰੀ ਸਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਯਾਤਰੀ ਜਹਾਜ਼ ਕਰੈਸ਼, 18 ਲੋਕਾਂ ਦੀ ਮੌਤ

ਇਕ ਪਾਇਲਟ ਦੀ ਬਚੀ ਜਾਨ 

ਇਸ ਹਾਦਸੇ ਵਿੱਚ 37 ਸਾਲਾ ਕੈਪਟਨ ਐਮਆਰ ਸ਼ਾਕਿਆ ਦੀ ਜਾਨ ਬਚ ਗਈ ਹੈ ਅਤੇ ਉਨ੍ਹਾਂ ਨੂੰ ਹਾਦਸੇ ਵਾਲੀ ਥਾਂ ਤੋਂ ਬਚਾ ਲਿਆ ਗਿਆ ਹੈ। ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਬੰਬਾਰਡੀਅਰ ਸੀਆਰਜੇ-200ਈਆਰ ਸੀ ਜਿਸ ਦਾ ਨਿਰਮਾਣ ਸਾਲ 2003 'ਚ ਕੀਤਾ ਗਿਆ ਸੀ। ਇਸ ਜਹਾਜ਼ ਨੂੰ ਮੁਰੰਮਤ ਲਈ ਲਿਜਾਇਆ ਜਾ ਰਿਹਾ ਸੀ। ਏਅਰਲਾਈਨਜ਼ ਨੇ ਕਿਹਾ ਹੈ ਕਿ ਜਹਾਜ਼ ਪੋਖਰਾ ਜਾ ਰਿਹਾ ਸੀ ਤਾਂ ਕਿ ਮੁਰੰਮਤ ਤੋਂ ਬਾਅਦ ਇਸ ਦੀ ਤਕਨੀਕੀ ਜਾਂਚ ਕੀਤੀ ਜਾ ਸਕੇ। ਜਹਾਜ਼ ਨੇ ਰਨਵੇਅ 2 ਤੋਂ ਉਡਾਣ ਭਰੀ ਅਤੇ ਰਨਵੇਅ 20 'ਤੇ ਹੀ ਕਰੈਸ਼ ਹੋ ਗਿਆ।

ਨੇਪਾਲ ਵਿੱਚ ਕਿਉਂ ਵਾਪਰਦੇ ਹਨ ਇੰਨੇ ਹਵਾਈ ਹਾਦਸੇ?

ਨੇਪਾਲ ਵਿੱਚ ਜਹਾਜ਼ ਹਾਦਸੇ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ। ਇਸ ਦੇਸ਼ 'ਚ ਜਹਾਜ਼ ਹਾਦਸਿਆਂ ਦੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਵੱਖ-ਵੱਖ ਰਿਪੋਰਟਾਂ ਦੱਸਦੀਆਂ ਹਨ ਕਿ ਨੇਪਾਲ ਵਿੱਚ ਪਹਾੜੀ ਖੇਤਰ, ਮੌਸਮ, ਨਵੇਂ ਜਹਾਜ਼ਾਂ ਦੀ ਘਾਟ ਅਤੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਪੁਰਾਣੇ ਜਹਾਜ਼ਾਂ ਦੀ ਲੰਬੇ ਸਮੇਂ ਤੱਕ ਵਰਤੋਂ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ। ਰਿਪੋਰਟ ਮੁਤਾਬਕ ਨੇਪਾਲ 'ਚ ਪਿਛਲੇ 30 ਸਾਲਾਂ 'ਚ ਕਰੀਬ 28 ਜਹਾਜ਼ ਹਾਦਸੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2023 ਦੀ ਸ਼ੁਰੂਆਤ ਵਿੱਚ ਇੱਕ ਜਹਾਜ਼ ਹਾਦਸੇ ਵਿੱਚ 68 ਲੋਕਾਂ ਦੀ ਮੌਤ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News