ਕੋਰਟ ਨੇ ਅਧਿਆਤਮਿਕ ਨੇਤਾ ਨੂੰ ਜਿਸਨੀ ਸ਼ੋਸ਼ਣ ਦੇ ਮਾਮਲੇ ''ਚ ਸੁਣਾਈ 10 ਸਾਲ ਦੀ ਸਜ਼ਾ
Tuesday, Jul 02, 2024 - 04:00 PM (IST)
ਕਾਠਮੰਡੂ (ਭਾਸ਼ਾ)- ਆਪਣੇ ਸਮਰਥਕਾਂ 'ਚ 'ਬੁੱਢਾ ਬੁਆਏ' ਵਜੋਂ ਜਾਣੇ ਜਾਂਦੇ ਇਕ ਵਿਵਾਦਪੂਰਨ ਸਵੈ-ਸ਼ੈਲੀ ਅਧਿਆਤਮਿਕ ਨੇਤਾ ਨੂੰ ਸੋਮਵਾਰ ਨੂੰ ਨੇਪਾਲ ਦੀ ਅਦਾਲਤ ਨੇ 2016 'ਚ ਇਕ ਨਾਬਾਲਗ ਕੁੜੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ 'ਚ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ। 'ਕਾਠਮੰਡੂ ਪੋਸਟ' ਅਖ਼ਬਾਰ ਨੇ ਅਦਾਲਤ ਦੇ ਰਜਿਸਟਰਾਰ ਸਦਨ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਹੈ ਕਿ ਸਰਲਾਹੀ ਜ਼ਿਲ੍ਹਾ ਅਦਾਲਤ ਦੇ ਜੱਜ ਜੀਵਨ ਕੁਮਾਰ ਭੰਡਾਰੀ ਨੇ ਰਾਮ ਬਹਾਦਰ ਬੋਮਜਾਨ (34) ਨੂੰ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਅਤੇ ਉਸ 'ਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਪਿਛਲੇ ਹਫ਼ਤੇ ਜੱਜ ਭੰਡਾਰੀ ਦੀ ਏਕਲ ਬੈਂਚ ਨੇ ਬੋਮਜਾਨ ਨੂੰ ਨਾਬਾਲਗ ਕੁੜੀ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਸੀ। ਅਦਾਲਤ ਨੇ ਬੋਮਜਾਨ ਦੇ 2 ਸਹਿਯੋਗੀਆਂ ਜੀਤ ਬਹਾਦਰ ਤਮਾਂਗ ਅਤੇ ਗਿਆਨ ਬਹਾਦਰ ਬੋਮਜਾਨ ਨੂੰ ਮਾਮਲੇ 'ਚ ਬਰੀ ਕਰ ਦਿੱਤਾ।
ਦੋਸ਼ ਪੱਤਰ 'ਚ ਬੋਮਜਾਨ 'ਤੇ 4 ਅਗਸਤ 2016 ਨੂੰ 15 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਦੋਂ ਉਹ ਪੱਥਰਕੋਟ, ਸਰਲਾਹੀ ਸਥਿਤ ਉਸ ਦੇ ਆਸ਼ਰਮ 'ਚ ਰਹਿ ਰਹੀ ਸੀ। ਬੋਮਜਾਨ 'ਤੇ ਕੁੜੀ ਨੂੰ ਇਹ ਧਮਕੀ ਦੇਣ ਦਾ ਵੀ ਦੋਸ਼ ਲਗਾਇਆ ਗਿਆ ਸੀ ਕਿ ਜੇਕਰ ਉਸ ਨੇ ਘਨਟਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਹੋਣਗੇ। ਭਗਤਾਂ ਵਿਚਾਲੇ 'ਬੁੱਧ ਬੁਆਏ' ਦੇ ਨਾਂ ਨਾਲ ਮਸ਼ਹੂਰ ਬੋਮਜਾਨ ਜਲੇਸ਼ਵਰ ਜੇਲ੍ਹ 'ਚ ਨਿਆਇਕ ਹਿਰਾਸਤ 'ਚ ਹੈ। ਉਸ ਨੂੰ ਨੇਪਾਲ ਪੁਲਸ ਦੀ ਕੇਂਦਰੀ ਜਾਂਚ ਬਿਊਰੋ ਦੀ ਇਕ ਟੀਮ ਨੇ 9 ਜਨਵਰੀ ਨੂੰ ਕਾਠਮੰਡੂ ਦੇ ਬੁਧਨੀਲਕੰਠ ਸਥਿਤ ਇਕ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਬੋਮਜਾਨ 2005 'ਚ ਉਸ ਸਮੇਂ ਸੁਰਖੀਆਂ 'ਚ ਆਇਆ ਜਦੋਂ ਉਸ ਨੇ ਕਥਿਤ ਤੌਰ 'ਤੇ ਕਈ ਮਹੀਨਿਆਂ ਤੱਕ ਭੋਜਨ, ਪਾਣੀ ਜਾਂ ਨੀਂਦ ਤੋਂ ਬਿਨਾਂ ਮੈਡੀਟੇਸ਼ਨ ਕੀਤਾ, ਜਿਸ ਨਾਲ ਮੀਡੀਆ ਨੇ ਉਸ ਨੂੰ 'ਬੁੱਧ ਬੁਆਏ' ਕਿਹਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਧਿਆਨ ਤੋਂ ਬਾਹਰ ਆਉਣ ਤੋਂ ਬਾਅਦ, ਬੋਮਜਾਨ ਅਤੇ ਉਸਦੇ ਪੈਰੋਕਾਰਾਂ ਨੇ ਬਾਰਾ, ਸਰਲਾਹੀ, ਸਿੰਧੂਪਾਲਚੋਕ ਅਤੇ ਸਿੰਧੂਲੀ ਜ਼ਿਲ੍ਹਿਆਂ 'ਚ ਆਸ਼ਰਮ ਬਣਾਏ, ਜਿੱਥੇ ਕਥਿਤ ਤੌਰ 'ਤੇ ਉਤਪੀੜਨ ਦੀ ਘਟਨਾ ਵਾਪਰੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e