ਨੇਪਾਲ ਨੇ ਇਕੱਲਿਆਂ ਪਹਾੜ ਚੜ੍ਹਨ ''ਤੇ ਲਗਾਈ ਪਾਬੰਦੀ
Sunday, Dec 31, 2017 - 08:40 AM (IST)

ਕਾਠਮੰਡੂ— ਨੇਪਾਲ ਨੇ ਹਾਦਸਿਆਂ 'ਤੇ ਠੱਲ੍ਹ ਪਾਉਣ ਅਤੇ ਪਰਬਤਾਰੋਹੀਆਂ ਨੂੰ ਸੁਰੱਖਿਆ ਦੇਣ ਦੇ ਉਦੇਸ਼ ਨਾਲ ਮਾਊਂਟ ਐਵਰੈਸਟ ਸਣੇ ਸਾਰੀਆਂ ਚੋਟੀਆਂ 'ਤੇ ਇਕ ਪਰਬਤਾਰੋਹੀ ਦੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ । ਦੇਸ਼ ਦੀ ਕੈਬਨਿਟ ਨੇ ਬੀਤੇ ਦਿਨੀਂ ਹਿਮਾਲਿਆ ਦੀ ਚੜ੍ਹਾਈ ਕਰਨ ਸੰਬੰਧੀ ਨਿਯਮਾਂ 'ਚ ਸੋਧ ਕੀਤੀ ਹੈ। ਸੈਰ ਸਪਾਟਾ ਬੋਰਡ ਦੇ ਹਵਾਲੇ ਮੁਤਾਬਕ ਨਵੇਂ ਸੁਰੱਖਿਆ ਨਿਯਮਾਂ ਤਹਿਤ ਅਪਾਹਜਾਂ ਤੇ ਨੇਤਰਹੀਣ ਪਰਬਤਾਰੋਹੀਆਂ 'ਤੇ ਵੀ ਇਹ ਪਾਬੰਦੀ ਲਗਾਈ ਗਈ ਹੈ । ਅਧਿਕਾਰੀਆਂ ਨੇ ਦੱਸਿਆ ਕਿ ਪਰਬਤਾਰੋਹੀਆਂ ਨੂੰ ਸੁਰੱਖਿਅਤ ਤੇ ਨੇਪਾਲ ਦੇ ਪਰਬਤਾਂ 'ਤੇ ਮੌਤਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ । ਨਵੇਂ ਨਿਯਮਾਂ ਅਨੁਸਾਰ ਵਿਦੇਸ਼ੀ ਪਰਬਤਾਰੋਹੀਆਂ ਨੂੰ ਹੁਣ ਆਪਣੇ ਨਾਲ ਇਕ ਗਾਈਡ ਰੱਖਣਾ ਪਵੇਗਾ ।
ਜ਼ਿਕਰਯੋਗ ਹੈ ਕਿ ਇਸ ਸੈਸ਼ਨ 'ਚ ਇਸ ਚੋਟੀ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ 6 ਪਰਬਤਾਰੋਹੀਅÎਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 85 ਸਾਲਾ ਮਿਨ ਬਹਾਦੁਰ ਸ਼ੇਰਚਾਨ ਵੀ ਸ਼ਾਮਿਲ ਸਨ। ਉਹ ਐਵਰੈਸਟ 'ਤੇ ਸਭ ਤੋਂ ਵੱਧ ਉਮਰ ਦਾ ਪਰਬਤਾਰੋਹੀ ਬਣਨ ਦੀ ਕੋਸ਼ਿਸ਼ ਕਰ ਰਹੇ ਸਨ । ਇਕ ਰਿਪੋਰਟ ਅਨੁਸਾਰ ਇਸ ਸਾਲ ਰਿਕਾਰਡ ਗਿਣਤੀ 'ਚ ਪਰਬਤਾਰੋਹੀਆਂ ਨੇ ਐਵਰੈਸਟ ਜਿੱਤਣ ਦੀ ਕੋਸ਼ਿਸ਼ ਕੀਤੀ।