ਪ੍ਰਦੂਸ਼ਿਤ ਹੋ ਚੁੱਕੀ ਹੈ ਨੇਪਾਲ ਦੀ ਪਵਿੱਤਰ ਬਾਗਮਤੀ ਨਦੀ

08/18/2022 6:22:48 PM

ਕਾਠਮੰਡੂ (ਏਜੰਸੀ)- ਹਿਮਾਲਿਆ ਦੀ ਉੱਚੀ ਪਹਾੜੀ ਚੋਟੀ ਤੋਂ ਨਿਕਲਣ ਵਾਲੀ ਬਾਗਮਤੀ ਨਦੀ ਸਬੰਧੀ ਨੇਪਾਲ ਵਿਚ ਇਹ ਮਾਨਤਾ ਰਹੀ ਹੈ ਕਿ ਇਸਦੇ ਪਾਣੀ ’ਚ ਤਨ-ਮਨ ਸ਼ੁੱਧ ਕਰਨ ਦੀ ਸ਼ਕਤੀ ਹੈ। ਉਥੋਂ ਇਹ ਹਰੇ-ਭਰੇ ਜੰਗਲਾਂ ਤੋਂ ਹੁੰਦੀ ਹੋਈ ਹੇਠਾਂ ਉਤਰਦੀ ਹੈ ਅਤੇ ਇਸ ਵਿਚ ਹੋਰ ਨਦੀਆਂ ਸਮਾਉਂਦੀਆਂ ਹਨ। ਇਹ ਝੋਨਾ, ਸਬਜ਼ੀਆਂ ਅਤੇ ਹੋਰ ਫਸਲਾਂ ਦੇ ਖੇਤਾਂ ਦੀ ਸਿੰਚਾਈ ਲਈ ਇਕ ਅਹਿਮ ਸੋਮਾ ਹੈ ਜੋ ਬਹੁਤ ਸਾਰੇ ਨੇਪਾਲੀ ਲੋਕਾਂ ਲਈ ਰੋਜ਼ੀ-ਰੋਟੀ ਦਾ ਸਾਧਨ ਹੈ। ਪਰ, ਜਿਵੇਂ ਹੀ ਬਾਗਮਤੀ ਰਾਜਧਾਨੀ ਕਾਠਮੰਡੂ ਦੀ ਘਾਟੀ ਵਿਚ ਪਹੁੰਚਦੀ ਹੈ, ਉਸਦਾ ਸਾਫ ਪਾਣੀ ਪਹਿਲਾਂ ਮਟਮੈਲਾ ਅਤੇ ਫਿਰ ਕਾਲਾ ਹੋ ਜਾਂਦਾ ਹੈ। ਮਲਬਿਆਂ ਅਤੇ ਕਚਰੇ ਕਾਰਨ ਇਸਦਾ ਵਹਾਅ ਵੀ ਰੁਕ ਜਾਂਦਾ ਹੈ। ਇਸਦਾ ਪਾਣੀ ਪੀਣ ਯੋਗ ਨਹੀਂ ਰਹਿ ਗਿਆ ਹੈ ਅਤੇ ਇਥੋਂ ਤੱਕ ਕਿ ਸਾਫ-ਸਫਾਈ ਲਈ ਵਰਤਣ ਦੇ ਯੋਗ ਵੀ ਨਹੀਂ ਹੈ।

ਗਰਮੀਆਂ ਦੇ ਮੌਸਮ ਦੌਰਾਨ, ਇਸਦੇ ਤੱਟੀ ਇਲਾਕਿਆਂ ਕੋਲ ਬਦਬੋ ਆਉਂਦੀ ਰਹਿੰਦੀ ਹੈ। ਨਦੀ ਵਿਚ ਸਿੱਧੇ ਸੁੱਟੇ ਜਾਣ ਵਾਲੇ ਕਚਰੇ ਅਤੇ ਫੈਕਟਰੀਆਂ ਦੇ ਪਾਣੀ ਨਾਲ ਦੇਸ਼ ਵਿਚ ਸਭ ਤੋਂ ਪਵਿੱਤਰ ਨਦੀ ਦਾ ਦਰਜਾ ਰੱਖਣ ਵਾਲੀ ਬਾਗਮਤੀ ਹੁਣ ਸਭ ਤੋਂ ਪ੍ਰਦੂਸ਼ਿਤ ਹੋ ਚੁੱਕੀ ਹੈ। ਰਾਜਧਾਨੀ ਕਾਠਮੰਡੂ ਵਿਚ ਬਾਗਮਤੀ ਦਾ ਗੰਦਾ ਪਾਣੀ ਪਸ਼ੁਪਤੀਨਾਥ ਮੰਦਰ ਸਮੇਤ ਕਈ ਪਵਿੱਤਰ ਸਥਾਨਾਂ ਤੋਂ ਹੋਕੇ ਲੰਘਦਾ ਹੈ। ਪਸ਼ੁਪਤੀਨਾਥ ਮੰਦਰ ਨੂੰ 1979 ਵਿਚ ਯੂਨੇਸਕੀ ਵਲੋਂ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ ਸੀ।


cherry

Content Editor

Related News