ਭਾਰਤ ਨੇ ਨੇਪਾਲ ''ਚ ਮੁੜ ਉਸਾਰੀ ਲਈ ਦਿੱਤੀ ਆਰਥਿਕ ਮਦਦ, ਸੌਂਪਿਆ ਚੈੱਕ
Friday, Sep 25, 2020 - 03:16 PM (IST)

ਕਾਠਮੰਡੂ (ਬਿਊਰੋ): ਭਾਰਤ ਨੇ ਨੇਪਾਲ ਨੂੰ ਭੂਚਾਲ ਦੇ ਬਾਅਦ ਦੀ ਮੁੜ ਉਸਾਰੀ ਦੀ ਵਚਨਬੱਧਤਾ ਦੇ ਤਹਿਤ ਰਿਹਾਇਸ਼ ਅਤੇ ਸਕੂਲ ਖੇਤਰ ਦੀ ਮਦਦ ਦੇ ਲਈ 1.54 ਬਿਲੀਅਨ ਨੇਪਾਲੀ ਰੁਪਏ (ਲੱਗਭਗ INR 96 ਕਰੋੜ) ਜਾਰੀ ਕੀਤੇ ਹਨ। ਭਾਰਤ ਦੇ ਦੂਤਾਵਾਸ ਦੇ ਮਿਸ਼ਨ ਦੇ ਉਪ ਪ੍ਰਮੁੱਖ ਨਮਿਯਾ ਖੰਪਾ ਨੇ 22 ਸਤੰਬਰ ਨੂੰ ਨੇਪਾਲ ਦੇ ਵਿੱਤ ਮੰਤਰਾਲੇ ਦੇ ਸਕੱਤਰ ਸ਼ਿਸ਼ਿਰ ਕੁਮਾਰ ਧੂੰਗਾਲਾ ਨੂੰ ਚੈੱਕ ਸੌਂਪਿਆ। ਕਾਠਮੰਡੂ ਵਿਚ ਭਾਰਤੀ ਦੂਤਾਵਾਸ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ।
ਇਹ ਚੈੱਕ ਸੌਂਪਣ ਦੇ ਨਾਲ ਭਾਰਤ ਨੇ ਰਿਹਾਇਸ਼ ਖੇਤਰ ਦੀ ਮੁੜ ਉਸਾਰੀ ਦੇ ਲਈ ਨੇਪਾਲ ਸਰਕਾਰ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਵਿਚੋਂ 72 ਮਿਲੀਅਨ ਅਮਰੀਕੀ ਡਾਲਰ ਦੀ ਅਦਾਇਗੀ ਕੀਤੀ ਹੈ। ਗੋਰਖਾ ਅਤੇ ਨੁਵਾਕੋਰ ਜ਼ਿਲ੍ਹਿਆਂ ਵਿਚ 50,000 ਘਰਾਂ ਦੀ ਮੁੜ ਉਸਾਰੀ ਦੇ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਵਿਚੋਂ 92 ਫੀਸਦੀ ਘਰਾਂ ਨੂੰ ਪੂਰਾ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਭਾਰਤ ਸਰਕਾਰ ਨੇ 50 ਮਿਲੀਅਨ ਅਮਰੀਕੀ ਡਾਲਰ ਦੀ ਗ੍ਰਾਂਟ ਸਹਾਇਤਾ ਦੇ ਤਹਿਤ 70 ਸਕੂਲਾਂ ਅਤੇ ਇਕ ਲਾਇਬ੍ਰੇਰੀ ਦੀ ਮੁੜ ਉਸਾਰੀ ਦੇ ਲਈ ਸਮਰਥਨ ਦਿੱਤਾ ਹੈ। ਇਸ ਵਿਚੋਂ ਚੱਲ ਰਹੇ ਸਕੂਲਾਂ ਦੇ ਲਈ 4.2 ਮਿਲੀਅਨ ਅਮਰੀਕੀ ਡਾਲਰ (ਲੱਗਭਗ 31 ਕਰੋੜ ਤੋਂ ਵੱਧ) ਦੀ ਪਹਿਲੀ ਕਿਸ਼ਤ ਨੇਪਾਲ ਸਰਕਾਰ ਨੂੰ ਦਿੱਤੀ ਗਈ ਹੈ। ਭਾਰਤ ਨੇ ਗ੍ਰਾਂਟ ਦੇ ਲਈ 150 ਮਿਲੀਅਨ ਅਮਰੀਕੀ ਡਾਲਰ ਅਤੇ ਇਸ ਦੇ ਵੱਲੋਂ ਸਮਰਥਿਤ ਰਿਹਾਇਸ਼ ਖੇਤਰ ਦੇ ਪ੍ਰਾਜੈਕਟਾਂ ਦੇ ਲਈ ਕਰਜ਼ ਲਈ ਵਚਨਬੱਧਤਾ ਜ਼ਾਹਰ ਕੀਤੀ ਹੈ।