ਨੇਪਾਲ ''ਚ ਇਕ ਹੀ ਪਰਿਵਾਰ ਦੇ 4 ਭਾਰਤੀਆਂ ਦੀ ਮੌਤ, ਜਾਂਚ ਜਾਰੀ

01/31/2020 9:53:20 AM

ਕਾਠਮੰਡੂ (ਬਿਊਰੋ): ਨੇਪਾਲ ਵਿਚ 4 ਭਾਰਤੀ ਨਾਗਰਿਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਨੇਪਾਲ ਦੇ ਸਿਧਾਰਥਨਗਰ ਵਿਚ ਇਕ ਹੀ ਪਰਿਵਾਰ ਦੇ 4 ਭਾਰਤੀ ਮੈਂਬਰਾਂ ਜਿਹਨਾਂ ਵਿਚ 2 ਬੱਚੇ ਸ਼ਾਮਲ ਹਨ, ਬੋਰੀਆਂ ਦੇ ਢੇਰ ਹੇਠਾਂ ਦੱਬੇ ਗਏ, ਜਿਸ ਕਾਰਨ ਸਾਹ ਘੁੱਟ ਜਾਣ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸ ਪਰਬਤੀ ਦੇਸ਼ ਵਿਚ 10 ਦਿਨਾਂ ਦੇ ਅੰਦਰ ਇਹ ਦੂਜਾ ਮਾਮਲਾ ਹੈ, ਜਿਸ ਵਿਚ ਭਾਰਤੀ ਲੋਕਾਂ ਦੀ ਮੌਤ ਹੋਈ ਹੈ। ਇਹ ਘਟਨਾ ਪੱਛਮੀ ਨੇਪਾਲ ਦੇ ਸੂਬਾ ਨੰਬਰ ਪੰਜ ਵਿਚ ਸਿਧਾਰਥਨਗਰ ਨਗਰਪਾਲਿਕਾ ਦੇ ਗੱਲਾਮੰਡੀ ਪਿਪਰਿਯਾ ਇਲਾਕੇ ਵਿਚ ਵਾਪਰੀ। 

ਨੇਪਾਲ ਪੁਲਸ ਦੇ ਮੁਤਾਬਕ 30 ਸਾਲ ਦੇ ਸ਼ਹਿਜਾਦ ਹੁਸੈਨ, ਉਸ ਦੀ ਪਤਨੀ ਸਦਾਬ ਖਾਤੂਨ, 6 ਸਾਲ ਦੇ ਬੇਟੇ ਤੇ 2 ਸਾਲ ਦੀ ਬੇਟੀ ਆਪਣੇ ਕਿਰਾਏ ਦੇ ਕਮਰੇ ਵਿਚ ਬੋਰੀਆਂ ਦੇ ਢੇਰ ਹੇਠਾਂ ਮ੍ਰਿਤਕ ਪਾਏ ਗਏ। ਉਹ ਮੂਲ ਰੂਪ ਨਾਲ ਭਾਰਤ ਦੇ ਬਿਹਾਰ ਦੇ ਰਹਿਣ ਵਾਲੇ ਸਨ। ਪੁਲਸ ਨੇ ਦੱਸਿਆ ਕਿ ਸ਼ਹਿਜਾਦ ਪਿਛਲੇ 15 ਸਾਲਾਂ ਤੋਂ ਇੱਥੇ ਕਬਾੜੀ ਦੇ ਤੌਰ 'ਤੇ ਕੰਮ ਕਰ ਰਿਹਾ ਸੀ। ਉਹਨਾਂ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ ਇਹਨਾਂ ਚਾਰਾਂ ਦੀ ਮੌਤ ਸਾਹ ਘੁੱਟ ਜਾਣ ਕਾਰਨ ਹੋਈ ਜਾਪਦੀ ਹੈ। ਚਾਰਾਂ ਦੀਆਂ ਲਾਸ਼ਾਂ ਨੂੰ ਰੂਪਾਨਦੇਹੀ ਜ਼ਿਲੇ ਦੇ ਹਸਪਤਾਲ ਵਿਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ। 

ਪੁਲਸ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਗੌਰਤਲਬ ਹੈ ਕਿ 10 ਦਿਨ ਪਹਿਲਾਂ ਨੇਪਾਲ ਵਿਚ ਛੁੱਟੀਆਂ ਮਨਾਉਣ ਗਏ ਭਾਰਤੀ ਦਲ ਦੇ 8 ਲੋਕਾਂ ਦੀ ਮੌਤ ਹੋਟਲ ਦੇ ਕਮਰੇ ਵਿਚ ਸਾਹ ਘੁੱਟ ਜਾਣ ਕਾਰਨ ਹੋ ਗਈ ਸੀ। ਮ੍ਰਿਤਕ ਕੇਰਲ ਦੇ ਤਿਰੁਵਨੰਤਪੁਰਮ ਅਤੇ ਕੋਝਿਕੋਡ ਦੇ ਰਹਿਣ ਵਾਲੇ ਦੋ ਪਰਿਵਾਰ ਸਨ। ਇਹਨਾਂ ਵਿਚ 4 ਬੱਚਿਆਂ ਦੀ ਮੌਤ ਹੋ ਗਈ ਸੀ।


Vandana

Content Editor

Related News