ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-7)

Sunday, May 10, 2020 - 04:13 PM (IST)

ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-7)

 ਗੁਰਤੇਜ ਸਿੰਘ ਕੱਟੂ
98155 94197

ਸੰਘਰਸ਼ ਲਈ ਸਮਰਪਣ

ਏ.ਐੱਨ.ਸੀ. ਹੁਣ ਨਵੇਂ ਯੁੱਗ ’ਚ ਪ੍ਰਵੇਸ਼ ਕਰ ਰਹੀ ਸੀ। ਰਾਸ਼ਟਰੀ ਕਾਰਜਕਾਰਨੀ ਨੇ ਹੁਣ ਨੈਲਸਨ ਨੂੰ ਏ.ਐੱਨ.ਸੀ. ਦਾ ਪਹਿਲਾ ਉਪ-ਪ੍ਰਧਾਨ ਨਿਯੁਕਤ ਕਰ ਦਿੱਤਾ ਸੀ। ਹੋਰਨਾਂ ਵਾਂਗ ਨੈਲਸਨ ਵੀ ਇਹ ਮਹਿਸੂਸ ਕਰਦਾ ਸੀ ਕਿ ਸਰਕਾਰ ਏ.ਐੱਨ.ਸੀ. ਅਤੇ ਸਾਊਥ ਅਫ਼ਰੀਕਨ ਇੰਡੀਅਨ ਕਾਂਗਰਸ, ਦੋਵਾਂ ’ਤੇ ਹੀ, ਕਮਿਊਨਿਸਟ ਪਾਰਟੀ ਵਾਂਗ ਪਾਬੰਦੀ ਲਾਉਣਾ ਚਾਹੁੰਦੀ ਸੀ। ਸਰਕਾਰ ਕਿਸੇ ਢੁਕਵੇਂ ਮੌਕੇ ਦੀ ਤਲਾਸ਼ ਵਿਚ ਸੀ। ਇਹ ਸਭ ਦੇਖਦਿਆਂ ਨੈਲਸਨ ਨੇ ਕਾਰਜਕਾਰਨੀ ਅੱਗੇ ਇਹ ਤਜ਼ਵੀਜ ਪੇਸ਼ ਕੀਤੀ ਕਿ ਸਰਕਾਰ ਦੇ ਅਜਿਹਾ ਕਦਮ ਲੈਣ ਦੀ ਸੂਰਤ ’ਚ ਕੋਈ ਅਗਾਊਂ ਹੰਗਾਮੀ ਯੋਜਨਾ ਤਿਆਰ ਰੱਖੀ ਜਾਵੇ ਤਾਂ ਕਿ ਸੰਘਰਸ਼ ’ਚ ਬਿਲਕੁਲ ਖੜੋਤ ਦੀ ਅਵਸਥਾ ਨਾ ਬਣ ਸਕੇ। ਕਾਰਜਕਾਰਨੀ ਨੇ ਨੈਲਸਨ ਨੂੰ ਹੀ ਕੋਈ ਯੋਜਨਾ ਬਣਾਉਣ ਲਈ ਕਿਹਾ ਜਿਸ ਨਾਲ ਅੰਡਰਗਰਾਊਂਡ ਰਹਿ ਕੇ ਵੀ ਪਾਰਟੀ ਦੇ ਸੰਗਠਨ ਨੂੰ ਕੁਸ਼ਲਤਾ ਪੂਰਵਕ ਚਲਾਇਆ ਜਾ ਸਕੇ। ਇਸਨੂੰ ‘ਮੰਡੇਲਾ ਯੋਜਨਾ’ ਦਾ ਹੀ ਨਾਂ ਦੇ ਦਿੱਤਾ ਗਿਆ ਸੀ ਅਤੇ ਆਮ ਤੌਰ ’ਤੇ ਇਸ ਨੂੰ ‘M-ਪਲਾਨ’ ਕਿਹਾ ਜਾਂਦਾ।

ਇਸ ਯੋਜਨਾ ਤਹਿਤ ਅਜਿਹੀ ਪ੍ਰਣਾਲੀ ਬਣਾਈ ਗਈ ਜਿਸ ਅਨੁਸਾਰ ਏ.ਐਨ.ਸੀ. ਦੀ ਕੇਂਦਰੀ ਕਮਾਨ ਫੈਸਲੇ ਅਤੇ ਨੀਤੀਆਂ ਤੈਅ ਕਰਦੀ ਅਤੇ ਇਹਨਾਂ ਨੂੰ ਤੇਜ਼ੀ ਨਾਲ ਸਾਰੇ ਪਾਰਟੀ ਹਲਕਿਆਂ ਵਿਚ ਥਾਉਂ ਥਾਈਂ ਪਹੁੰਚਾ ਦਿੱਤਾ ਜਾਂਦਾ। ‘ਮੰਡੇਲਾ ਪਲਾਨ’ ਮੁਤਾਬਕ ਸੰਗਠਨ ਵਿਚ ਨਵੀਂ ਭਰਤੀ ਵੀ ਕੀਤੀ ਗਈ ਤੇ ਇਸਦਾ ਘੇਰਾ ਵੱਡਾ ਕੀਤਾ ਗਿਆ।

ਇਸ ਯੋਜਨਾ ਤਹਿਤ ਏ.ਐੱਨ.ਸੀ. ਨੇ ਦੇਸ਼ ਭਰ ਵਿਚ ਆਪਣੇ ਮੈਂਬਰਾਂ ਨੂੰ ਰਾਜਨੀਤਿਕ ਤੌਰ ’ਤੇ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਪਿੰਡਾਂ ਤੇ ਸ਼ਹਿਰਾਂ ਵਿਚ ਆਮ ਲੋਕਾਂ ਨੂੰ ਵੀ ਰਾਜਨੀਤਿਕ ਤੌਰ ’ਤੇ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਇਹ ਯੋਜਨਾ ਅੱਧ ਪਚੱਧੀ ਹੀ ਕਾਮਯਾਬ ਹੋਈ ਸੀ ਕਿਉਂਕਿ ਕਈ ਇਲਾਕਿਆਂ ਵਿਚ ਇਸ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ ਸੀ।

ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-6)

ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-5)

ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-4)

ਸੰਘਰਸ਼ ਦੌਰਾਨ ਨੈਲਸਨ ਦੇ ਮੋਢਿਆਂ ਉੱਪਰ ਦੋਹਰੀ ਜ਼ਿੰਮੇਵਾਰੀ ਸੀ। ਇਕ ਪਾਸੇ ਸੰਘਰਸ਼ ਨੂੰ ਕਾਮਯਾਬੀ ਵੱਲ ਲੈ ਜਾਣ ਦੀ ਅਤੇ ਦੂਸਰੇ ਪਾਸੇ ਉਸਨੂੰ ਆਪਣੀ ਰੋਜ਼ੀ-ਰੋਟੀ ਵਾਸਤੇ ਆਪਣੀ ਵਕਾਲਤ ਵੱਲ ਧਿਆਨ ਦੇਣਾ ਪੈਂਦਾ ਸੀ। ਨੈਲਸਨ ਨੇ ਵਿੱਟਵਾਟਰਸਰੈਂਡ ਯੂਨੀਵਰਸਿਟੀ ’ਚ ਕਈ ਵਾਰ ਫੇਲ੍ਹ ਹੋ ਜਾਣ ਮਗਰੋਂ ਕਾਨੂੰਨ ਦੀ ਡਿਗਰੀ ਦੀ ਪੜ੍ਹਾਈ ਆਖ਼ਰ ਵਿਚੇ ਛੱਡ ਦਿੱਤੀ ਤੇ ਉਸਨੇ ਹੁਣ ਵਕਾਲਤ ਦੀ ਯੋਗਤਾ ਦਾ ਇਮਤਿਹਾਨ ਦੇਣ ਦਾ ਫੈਸਲਾ ਕੀਤਾ ਤਾਂ ਕਿ ਉਹ ਵਕਾਲਤ ਦਾ ਕੰਮ ਕਰਕੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਲੋੜੀਂਦੇ ਪੈਸੇ ਕਮਾ ਸਕੇ।

ਜਦੋਂ ਉਸਨੇ ਵਕਾਲਤ ਦਾ ਯੋਗਤਾ ਇਮਤਿਹਾਨ ਪਾਸ ਕਰ ਲਿਆ ਤਾਂ ਉਹ ਇਕ ਵਕੀਲ ਵਜੋਂ ‘H.M. ਬਾਸਲਰੋ’ ਕੰਪਨੀ ਵਿਚ ਕੰਮ ਕਰਨ ਲੱਗ ਪਿਆ ਤੇ ਬਾਅਦ ਵਿਚ ਆਪਣੀ ਇਕ ਅਲੱਗ ਲਾਅ ਕੰਪਨੀ ਸ਼ੁਰੂ ਕਰ ਲਈ। ਨੈਲਸਨ ਨੂੰ ਸ਼ੁਰੂ ਵਿਚ ਬਹੁਤ ਕਾਮਯਾਬੀ ਮਿਲਣ ਲੱਗੀ, ਕਿਉਂਕਿ ਕਾਲੇ ਅਫ਼ਰੀਕੀਆਂ ਦੀਆਂ ਮੰਗਾਂ ਨੂੰ ਗੋਰੇ ਵਕੀਲ ਅਣਗੌਲਿਆ ਕਰਕੇ ਉਨ੍ਹਾਂ ਨੂੰ ਖੱਜਲ ਕਰਦੇ ਰਹਿੰਦੇ ਸਨ ਪਰ ਨੈਲਸਨ ਨਿਆਂ ਪਸੰਦ ਵਿਅਕਤੀ ਸੀ। ਇਸ ਲਈ ਉਹ ਲੋਕਾਂ ਨੂੰ ਨਿਆਂ ਦਵਾਉਣ ਲਈ ਵੱਧ ਤੋਂ ਵੱਧ ਆਪਣਾ ਜ਼ੋਰ ਲਾਉਂਦਾ।

PunjabKesari

ਇਨ੍ਹੀਂ ਦਿਨੀਂ ਨੈਲਸਨ ਦੀ ਮੁਲਾਕਾਤ ਔਲੀਵਰ ਟਾਂਬੋ ਨਾਲ ਹੋਈ। ਔਲੀਵਰ ਟਾਂਬੋ ਫੋਰਟ ਹੇਅਰ ਦਾ ਵਿਦਿਆਰਥੀ ਸੀ ਅਤੇ ਇਹ ਨੈਲਸਨ ਦੇ ਪਿਛੋਕੜ ਨਾਲ ਸਾਂਝ ਰੱਖਦਾ ਸੀ। ਔਲੀਵਰ ਵੀ ਵਕਾਲਤ ’ਚ ਮਾਹਿਰ ਸੀ। ਇਸ ਲਈ ਹੁਣ ਨੈਲਸਨ ਨੇ ਔਲੀਵਰ ਨਾਲ ਰਲ ਕੇ ਜੋਹਾਨਸਬਰਗ ਦੇ ਵਪਾਰਕ ਇਲਾਕੇ ਵਿਚ ਆਪਣਾ ਦਫ਼ਤਰ ਖੋਲ੍ਹ ਲਿਆ ਜਿਸ ਦਾ ਨਾਂ ‘ਮੰਡੇਲਾ ਐਂਡ ਟਾਂਬੋ’ ਰੱਖਿਆ। ਨੈਲਸਨ ਤੇ ਟਾਂਬੋ ਦੱਖਣੀ ਅਫ਼ਰੀਕਾ ਵਿਚ ਇਕੱਲੇ ਹੀ ਅਫ਼ਰੀਕੀ ਕਾਲੇ ਵਕੀਲ ਸਨ ਅਤੇ ਉਨ੍ਹਾਂ ਦੀ ਕੰਪਨੀ ਵੀ ਕਾਨੂੰਨੀ ਸੇਵਾਵਾਂ ਦੀ ਪਹਿਲੀ ਅਫ਼ਰੀਕੀ ਕੰਪਨੀ ਸੀ। ਇਸ ਲਈ ਹਰ ਰੋਜ਼ ਸਵੇਰ ਤੋਂ ਹੀ ਉਨ੍ਹਾਂ ਦੇ ਦਫ਼ਤਰ ਲੋਕਾਂ ਦੀ ਵੱਡੀ ਭੀੜ ਲੱਗ ਜਾਂਦੀ।

ਲੋਕਾਂ ਨੂੰ ਇਨ੍ਹਾਂ ’ਤੇ ਪੂਰਾ ਵਿਸ਼ਵਾਸ ਬਣ ਗਿਆ ਸੀ, ਕਿਉਂਕਿ ਇਕ ਤਾਂ ਇਹ ਉਨ੍ਹਾਂ ਦੀ ਆਪਣੀ ਨਸਲ ਦੇ ਵਕੀਲ ਸਨ ਦੂਜਾ ਇਹ ਗੋਰੇ ਵਕੀਲਾਂ ਵਾਂਗ ਲੋਕਾਂ ਨਾਲ ਭੈੜਾ ਵਰਤਾਉ ਨਹੀਂ ਕਰਦੇ ਸੀ। ਲੋਕਾਂ ਦਾ ਵਿਸ਼ਵਾਸ ਵੇਖ ਨੈਲਸਨ ਹੁਣ ਸਮਝਣ ਲੱਗ ਗਿਆ ਸੀ ਕਿ ‘ਮੰਡੇਲਾ ਐਂਡ ਟਾਂਬੋ’ ਲਾਅ ਕੰਪਨੀ ਦਾ ਅਫ਼ਰੀਕੀਆਂ ਲਈ ਕਿੰਨਾ ਮਹੱਤਵ ਸੀ।

ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-3)

ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-2)

ਪੜ੍ਹੋ ਇਹ ਵੀ ਖਬਰ - ਨੈਲਸਨ ਮੰਡੇਲਾ ਬਚਪਣ

ਜਦੋਂ ਨੈਲਸਨ ਅਦਾਲਤ ’ਚ ਮੁਕੱਦਮਾ ਲੜਨ ਜਾਂਦਾ ਤਾਂ ਏਥੇ ਉਸਨੂੰ ਰੰਗ ਭੇਦ ਦੀ ਤਸਵੀਰ ਹੋਰ ਨੇੜੇ ਤੋਂ ਦਿਖਾਈ ਦਿੰਦੀ। ਰੰਗ ਭੇਦ ਅਦਾਲਤ ਦੇ ਅੰਦਰ ਵੀ ਝੱਲਣਾ ਪੈਂਦਾ ਸੀ। ਇਕ ਵਾਰ ਨੈਲਸਨ ਆਪਣਾ ਵਕਾਲਤ ਦਾ ਸਰਟੀਫਿਕੇਟ ਆਪਣੇ ਨਾਲ ਅਦਾਲਤ ਲੈ ਜਾਣਾ ਭੁੱਲ ਗਿਆ ਤਾਂ ਮੈਜਿਸਟ੍ਰੇਟ ਨੇ ਉਸ ਨੂੰ ਅਦਾਲਤ ’ਚੋਂ ਬਾਹਰ ਕੱਢਵਾ ਦਿੱਤਾ। ਨੈਲਸਨ ਨੂੰ ਅਜਿਹੇ ਵਰਤਾਓ ਢੰਗ ’ਤੇ ਬਹੁਤ ਗੁੱਸਾ ਆਉਂਦਾ ਪਰ ਉਹ ਅਜਿਹੇ ਮੌਕੇ ’ਤੇ ਸ਼ਾਂਤ ਹੀ ਰਹਿੰਦਾ।

ਨੈਲਸਨ ਹੋਰਾਂ ਨੂੰ ਦਫ਼ਤਰ ਖੋਲ੍ਹਿਆਂ ਹਾਲੇ ਸਾਲ ਕੁ ਹੀ ਹੋਇਆ ਸੀ ਕਿ ਉਨ੍ਹਾਂ ਨੂੰ ਨੋਟਿਸ ਆ ਗਿਆ। ਉਹ ‘ਸ਼ਹਿਰੀ ਇਲਾਕਾ ਕਾਨੂੰਨ’ ਤਹਿਤ ਸਰਕਾਰ ਦੀ ਇਜਾਜ਼ਤ ਬਗ਼ੈਰ ਪੇਸ਼ੇਵਰ ਦਫ਼ਤਰ ਨਹੀਂ ਖੋਲ੍ਹ ਸਕਦੇ ਸੀ। ਇਸ ਲਈ ਉਨ੍ਹਾਂ ਨੂੰ ਦਫ਼ਤਰ ਸ਼ਹਿਰੀ ਇਲਾਕੇ ਤੋਂ ਦੂਰ ਖੋਲ੍ਹਣ ਦਾ ਹੁਕਮ ਦਿੱਤਾ। ਅਸਲ ਵਿਚ ਸਰਕਾਰ ਉਨ੍ਹਾਂ ਦੇ ਵਕਾਲਤ ਪ੍ਰਬੰਧ ਨੂੰ ਖ਼ਤਮ ਕਰਨਾ ਚਾਹੁੰਦੀ ਸੀ, ਕਿਉਂਕਿ ਇਕ ਤਾਂ ਹੁਣ ਕਾਲੇ ਲੋਕ ਗੋਰੇ ਵਕੀਲਾਂ ਦੀ ਬਜਾਇ ਇਨ੍ਹਾਂ ਕੋਲ ਹੀ ਨਿਆਂ ਲਈ ਆਉਂਦੇ ,ਜਿਸ ਕਾਰਨ ਗੋਰੇ ਵਕੀਲ ਹੁਣ ਇਹਨਾਂ ਤੋਂ ਤੰਗ ਹੋ ਗਏ ਸੀ। ਦੂਜਾ ਗੋਰੇ ਵਕੀਲ ਕਾਲੇ ਵਕੀਲ ਨਾਲ ਅਦਾਲਤ ਵਿਚ ਬਹਿਸ ਕਰਨ ਨੂੰ ਮਾੜਾ ਸਮਝਦੇ ਸਨ। ਨੈਲਸਨ ਹੋਰਾਂ ਨੂੰ ਸਰਕਾਰੀ ਹੁਕਮ ਆਇਆ ਕਿ ਉਹ ਸ਼ਹਿਰ ਤੋਂ ਬਾਹਰ ਆਪਣਾ ਦਫ਼ਤਰ ਖੋਲ੍ਹਣ ਪਰ ਸ਼ਹਿਰ ਤੋਂ ਬਾਹਰ ਦਫ਼ਤਰ ਖੋਲ੍ਹਣ ਦਾ ਮਤਲਬ ਸੀ ਕਿ ਆਮ ਲੋਕਾਂ ਨੂੰ ‘ਨੈਲਸਨ ਐਂਡ ਟਾਂਬੋ’ ਕੰਪਨੀ ਤੋਂ ਦੂਰ ਕਰਨਾ। ਗੋਰੇ ਅਧਿਕਾਰੀ ਇਨ੍ਹਾਂ ਦੇ ਚੱਲ ਰਹੇ ਚੰਗੇ ਭਲੇ ਕੰਮ ਨੂੰ ਵਿਗਾੜਨਾ ਚਾਹੁੰਦੇ ਸਨ ਪਰ ਨੈਲਸਨ ਹੁਰੀਂ ਵੀ ਉਸੇ ਦਫ਼ਤਰ ’ਚ ਹੀ ਡਟੇ ਰਹੇ।

ਨੈਲਸਨ ਅਦਾਲਤ ’ਚ ਪੂਰੇ ਜੋਸ਼ ਵਿਚ ਆ ਜਾਂਦਾ। ਆਮ ਤੌਰ ’ਤੇ ਉਹ ਅਦਾਲਤੀ ਮਾਨਤਾਵਾਂ ਤੇ ਨਿਯਮਾਂ ਦੀ ਹੱਦ ਵਿਚ ਹੀ ਰਹਿੰਦਾ ਪਰ ਕਦੇ-ਕਦੇ ਗਵਾਹਾਂ ਨੂੰ ਬਚਾਉਣ ਲਈ ਕੁਝ ਗ਼ੈਰ-ਰਵਾਇਤੀ ਤਰੀਕੇ ਵੀ ਵਰਤ ਲੈਂਦਾ। ਅਦਾਲਤੀ ਕਾਰਵਾਈ ਬਾਰੇ ਉਹ ਖੁਦ ਲਿਖਦਾ ਹੈ:

“ਇਕ ਵਾਰ ਮੈਂ ਇਕ ਅਫ਼ਰੀਕੀ ਔਰਤ ਦਾ ਕੇਸ ਲੜਿਆ। ਉਹ ਗੋਰੇ ਪਰਿਵਾਰ ਦੇ ਘਰ ਨੌਕਰਾਣੀ ਸੀ। ਇਲਜ਼ਾਮ ਸੀ ਕਿ ਉਸਨੇ ਆਪਣੀ ਮਾਲਕਣ ਦੇ ਕੱਪੜੇ ਚੁਰਾਏ ਹਨ। ਅਖੌਤੀ ਚੋਰੀ ਹੋਏ ਕੱਪੜੇ ਅਦਾਲਤ ਦੇ ਸਾਹਮਣੇ ਇਕ ਮੇਜ਼ ਉਪਰ ਰੱਖੇ ਹੋਏ ਸਨ। ਮੈਂ ਉਸ ਮੇਜ਼ ਦੇ ਨੇੜੇ ਜਾ ਕੇ ਬਹਿਸ ਸ਼ੁਰੂ ਕੀਤੀ ਅਤੇ ਇਕ ਇਕ ਕਰਕੇ ਉਨ੍ਹਾਂ ਕੱਪੜਿਆਂ ਨੂੰ ਚੰਗੀ ਤਰ੍ਹਾਂ ਦੇਖਿਆ। ਫੇਰ ਮੈਂ ਆਪਣੀ ਪੈਨਸਿਲ ਦੀ ਨੋਕ ਨਾਲ ਇਕ ਕੱਛੀ ਨੂੰ ਚੁੱਕ ਕੇ ਗਵਾਹ ਔਰਤ ਵੱਲ ਹਿਲਾਉਂਦਿਆਂ ਹੋਇਆਂ ਪੁੱਛਿਆ, “ਮੈਡਮ, ਇਹ ਤੁਹਾਡੀ ...... ਹੈ?” “ਨਹੀਂ”, ਉਸਨੇ ਸ਼ਰਮ ਦੀ ਮਾਰੀ ਨੇ ਇਸ ਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਸਦੇ ਇਸ ਜਵਾਬ ਅਤੇ ਸਬੂਤਾਂ ’ਚ ਕਈ ਹੋਰ ਕਮੀਆਂ ਹੋਣ ਕਰਕੇ ਮੈਜਿਸਟ੍ਰੇਟ ਨੇ ਕੇਸ ਖਾਰਿਜ ਕਰ ਦਿੱਤਾ ਸੀ।”


author

rajwinder kaur

Content Editor

Related News