90 ਡਿਗਰੀ ਮੁੜੀ ਸੀ ਪਾਕਿਸਤਾਨੀ ਬੱਚੀ ਦੀ ਧੌਣ, 13 ਸਾਲ ਬਾਅਦ ਇੰਝ ਮਿਲੀ ਨਵੀਂ ਜ਼ਿੰਦਗੀ
Monday, Mar 14, 2022 - 05:51 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਬੀਤੇ 13 ਸਾਲ ਤੋਂ ਗੰਭੀਰ ਸਮੱਸਿਆ ਨਾਲ ਜੂਝ ਰਹੀ ਪਾਕਿਸਤਾਨ ਦੀ ਇਕ ਕੁੜੀ ਨੂੰ ਨਵੀਂ ਜ਼ਿੰਦਗੀ ਮਿਲੀ ਹੈ।ਅਸਲ ਵਿਚ ਬੱਚੀ ਦੀ ਧੌਣ ਪਿਛਲੇ ਕਰੀਬ 13 ਸਾਲ ਤੋਂ 90 ਡਿਗਰੀ ਸੱਜੇ ਪਾਸੇ ਮੁੜੀ ਹੋਈ ਸੀ।ਚੰਗੀ ਗੱਲ ਇਹ ਹੈ ਕਿ ਇਸ ਕੁੜੀ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਗਿਆ ਹੈ ਕਿਉਂਕਿ ਸਰਜਰੀ ਜ਼ਰੀਏ ਉਸ ਦੀ ਧੌਣ ਨੂੰ ਸਿੱਧਾ ਕਰ ਦਿੱਤਾ ਗਿਆ ਹੈ।
ਇਹ ਸੀ ਧੌਣ ਮੁੜਨ ਦਾ ਕਾਰਨ
ਪਾਕਿਸਤਾਨ ਦੀ ਇਸ ਬੱਚੀ ਦਾ ਨਾਮ ਅਫਸ਼ੀਨ ਗੁੱਲ ਹੈ। ਬਚਪਨ ਵਿਚ ਅਫਸ਼ੀਨ ਨਾਲ ਇਕ ਹਾਦਸਾ ਵਾਪਰਿਆ ਸੀ, ਜਿਸ ਕਾਰਨ ਉਸ ਨੂੰ ਸਾਲਾਂ ਤੱਕ ਇਸ ਦਰਦ ਨੂੰ ਸਹਿਣ ਕਰਨਾ ਪਿਆ। ਉਹ ਪੈਦਾ ਤਾਂ ਸਧਾਰਨ ਬੱਚਿਆਂ ਵਾਂਗ ਹੋਈ ਸੀ ਪਰ ਹਾਦਸੇ ਕਾਰਨ ਉਸ ਦੀ ਹਾਲਤ ਅਜਿਹੀ ਹੋ ਗਈ ਸੀ। ਅਸਲ ਵਿਚ ਜਦੋਂ ਅਫਸ਼ੀਨ 8 ਮਹੀਨੇ ਦੀ ਸੀ ਉਦੋਂ ਖੇਡਦੇ ਸਮੇਂ ਉਹ ਡਿੱਗ ਗਈ ਸੀ ਅਤੇ ਉਸ ਦੀ ਧੌਣ ਮੁੜ ਗਈ ਸੀ।
ਸੇਰੇਬ੍ਰਲ ਪਾਲਸੀ ਬਿਮਾਰੀ ਕਾਰਨ ਵਧੀ ਸਮੱਸਿਆ
ਅਫਸ਼ੀਨ ਦੇ ਪਰਿਵਾਰ ਵਾਲਿਆਂ ਨੇ ਹਾਦਸੇ ਦੇ ਬਾਅਦ ਸੋਚਿਆ ਸੀ ਕਿ ਉਹਨਾਂ ਦੀ ਬੇਟੀ ਦੀ ਧੌਣ ਖੁਦ ਹੀ ਸਹੀ ਹੋ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਉਹਨਾਂ ਦੀ ਬੇਟੀ ਨੂੰ ਸੇਰੇਬ੍ਰਲ ਪਾਲਸੀ ਦੀ ਵੀ ਸ਼ਿਕਾਇਤ ਸੀ। ਸੇਰੇਬ੍ਰਲ ਪਾਲਸੀ ਕਾਰਨ ਬੱਚੀ ਦੀ ਸਮੱਸਿਆ ਹੋਰ ਵੱਧ ਗਈ। ਫਿਰ ਕੁਝ ਸਮੇਂ ਬਾਅਦ ਇਕ ਅਖ਼ਬਾਰ ਨੇ ਅਫਸ਼ੀਨ ਬਾਰੇ ਵਿਸਥਾਰ ਨਾਲ ਆਰਟੀਕਲ ਪਬਲਿਸ਼ ਕੀਤਾ। ਉਸ ਮਗਰੋਂ ਲੋਕਾਂ ਦਾ ਧਿਆਨ ਅਫਸ਼ੀਨ ਵੱਲ ਗਿਆ। ਬੱਚੀ ਲਈ 'ਗੋ ਫੰਡ ਮੀ' ਤੋਂ ਲੱਗਭਗ 25 ਲੱਖ ਰੁਪਏ ਜੁਟਾਏ ਗਏ ਅਤੇ ਉਸ ਮਗਰੋਂ ਡਾਕਟਰਾਂ ਦੀ ਟੀਮ ਨੇ ਅਫਸ਼ੀਨ ਦੀ ਸਰਜਰੀ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਇਸ ਮਹਿਲਾ ਪਾਇਲਟ ਦੀ ਬਹਾਦਰੀ ਨੂੰ ਸਲਾਮ, ਯੂਕ੍ਰੇਨ ਤੋਂ ਸੁਰੱਖਿਅਤ ਵਾਪਸ ਲਿਆਈ 800 ਤੋਂ ਵੱਧ ਭਾਰਤੀ ਵਿਦਿਆਰਥੀ
ਅਫਸ਼ੀਨ ਦੇ ਭਰਾ ਨੇ ਡਾਕਟਰ ਨਾਲ ਕੀਤੀ ਮੁਲਾਕਾਤ
ਅਫਸ਼ੀਨ ਦੇ ਭਰਾ ਯਾਕੂਬ ਨੇ ਇਕ ਡਾਕੂਮੈਂਟਰੀ ਮਤਲਬ ਦਸਤਾਵੇਜ਼ੀ ਦੇਖਣ ਤੋਂ ਬਾਅਦ ਡਾਕਟਰ ਰਾਜਗੋਪਾਲਨ ਕ੍ਰਿਸ਼ਨਾ ਨਾਲ ਸੰਪਰਕ ਕੀਤਾ, ਜੋ ਭਾਰਤ ਪਰਤਣ ਤੋਂ ਪਹਿਲਾਂ 15 ਸਾਲ ਤੱਕ ਨੈਸ਼ਨਲ ਹੈਲਥ ਸਰਵਿਸ ਵਿਚ ਕੰਮ ਕਰ ਚੁੱਕੇ ਸਨ। ਡਾਕਟਰ ਕ੍ਰਿਸ਼ਨਾ ਨੇ ਅਜਿਹੇ ਹੀ ਇਕ ਮੁੰਡੇ ਦੀ ਸਰਜਰੀ ਕੀਤੀ ਸੀ, ਜਿਸ ਬਾਰੇ ਉਸ ਦਸਤਾਵੇਜ਼ੀ ਵਿਚ ਦੱਸਿਆ ਗਿਆ ਸੀ। ਅਫਸ਼ੀਨ ਦੀ ਸਰਜਰੀ ਸਫਲ ਹੋ ਚੁੱਕੀ ਹੈ ਪਰ ਹਾਲੇ ਵੀ ਉਸ ਨੂੰ ਸਪੋਰਟ 'ਤੇ ਰਹਿਣਾ ਹੋਵੇਗਾ ਪਰ ਹੁਣ ਉਹ ਅੱਗੇ ਦੀ ਜ਼ਿੰਦਗੀ ਚੰਗੇ ਢੰਗ ਨਾਲ ਜੀ ਸਕਦੀ ਹੈ ਕਿਉਂਕਿ ਉਸ ਦੀ ਧੌਣ ਸਿੱਧੀ ਹੋ ਚੁੱਕੀ ਹੈ।
ਜਾਣੋ ਸੇਰੇਬ੍ਰਲ ਪਾਲਿਸੀ ਬਿਮਾਰੀ ਬਾਰੇ
ਸੇਰੇਬ੍ਰਲ ਪਾਲਸੀ ਮਾਸਪੇਸ਼ੀਆਂ ਨਾਲ ਜੁੜੀ ਇਕ ਬਿਮਾਰੀ ਹੈ ਜੋ ਦਿਮਾਗ ਵਿਚ ਕਿਸੇ ਵਿਕਾਰ ਕਾਰਨ ਹੁੰਦੀ ਹੈ। ਇਸ ਵਿਚ ਦਿਮਾਗ ਅਤੇ ਮਾਸਪੇਸ਼ੀਆਂ ਨਾਲ ਜੁੜੇ ਵਿਕਾਰ ਸਾਹਮਣੇ ਆਉਣ ਲੱਗਦੇ ਹਨ। ਇਹ ਜਨਮ ਤੋਂ ਪਹਿਲਾਂ, ਜਨਮ ਦੌਰਾਨ ਜਾਂ ਜਨਮ ਦੇ ਤੁਰੰਤ ਬਾਅਦ ਹੋ ਸਕਦੀ ਹੈ। ਇਸ ਬਿਮਾਰੀ ਨਾਲ ਬੱਚਿਆਂ ਵਿਚ ਕੋਆਰਡੀਨੇਸ਼ਨ ਦੀ ਖਰਾਬੀ, ਕਮਜੋਰ ਮਾਸਪੇਸ਼ੀਆਂ, ਕੰਬਣੀ, ਸੰਵੇਦਨਾ, ਦ੍ਰਿਸ਼ਟੀ, ਸੁਣਨ ਅਤੇ ਬੋਲਣ ਵਿਚ ਸਮੱਸਿਆ ਹੋ ਸਕਦੀ ਹੈ।ਅਕਸਰ ਸੇਰੇਬ੍ਰਲ ਪਾਲਸੀ ਵਾਲੇ ਬੱਚੇ ਆਪਣੀ ਉਮਰ ਦੇ ਹੋਰਨਾਂ ਬੱਚਿਆਂ ਵਾਂਗ ਜਲਦੀ ਰੁੜ੍ਹਦੇ, ਬੈਠਦੇ ਜਾਂ ਤੁਰਦੇ ਨਹੀਂ ਹਨ।ਸੇਰੇਬ੍ਰਲ ਪਾਲਸੀ ਉਹੀ ਬਿਮਾਰੀ ਹੈ ਜਿਸ ਦੀਆਂ ਪੇਚੀਦੀਗੀਆਂ ਕਾਰਨ ਕੁਝ ਸਮਾਂ ਪਹਿਲਾਂ ਮਾਈਕ੍ਰੋਸਾਫਟ ਦੇ ਸੀ.ਈ.ਓ. ਸਤਿਆ ਨਡੇਲਾ ਦੇ ਬੇਟੇ ਜੈਨ ਨਡੇਲਾ ਦੀ ਮੌਤ ਹੋਈ ਸੀ।