UAE ''ਚ ਬਣ ਰਹੀ ਰਹੀ ਪਾਕਿਸਤਾਨ ਚੋਣਾਂ ਦੀ ਰਣਨੀਤੀ, ਨਵਾਜ਼ ਅਤੇ ਜ਼ਰਦਾਰੀ ਦੇ ਵਿਚਾਲੇ ਹੋਈ ਬੈਠਕ
Wednesday, Jun 28, 2023 - 01:54 PM (IST)
ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਿਚਾਲੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਚ ਬੈਠਕ ਹੋਣ ਦੀ ਖ਼ਬਰ ਹੈ। ਇਹ ਦਾਅਵਾ ਮੰਗਲਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਕੀਤਾ ਗਿਆ। 'ਦਿ ਡਾਨ ਨਿਊਜ਼' ਮੁਤਾਬਕ ਸ਼ਰੀਫ਼ ਅਤੇ ਜ਼ਰਦਾਰੀ ਨੇ ਪਾਕਿਸਤਾਨ 'ਚ ਅਗਲੀਆਂ ਆਮ ਚੋਣਾਂ ਦੇ ਸਮੇਂ ਅਤੇ ਭਵਿੱਖ ਦੇ ਪ੍ਰਬੰਧਾਂ 'ਚ 'ਆਪਣੀ ਹਿੱਸੇਦਾਰੀ' 'ਤੇ ਚਰਚਾ ਕਰਨ ਲਈ ਮੀਟਿੰਗ ਕੀਤੀ। ਡਾਨ ਨਿਊਜ਼ ਦੀ ਖ਼ਬਰ ਦੇ ਅਨੁਸਾਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਮੁਖੀ ਨਵਾਜ਼ ਸ਼ਰੀਫ਼ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਹਿ-ਪ੍ਰਧਾਨ ਜ਼ਰਦਾਰੀ ਵਿਚਕਾਰ ਸੋਮਵਾਰ ਦੁਪਹਿਰ ਨੂੰ ਦੁਬਈ 'ਚ ਮੀਟਿੰਗ ਹੋਈ।
ਇਹ ਵੀ ਪੜ੍ਹੋ: ਵਿੰਡੀਜ਼ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਥੀਆਂ ਨੂੰ ਮਿਲੇ ਰਿਸ਼ਭ ਪੰਤ, ਸਾਂਝੀਆਂ ਕੀਤੀਆਂ ਤਸਵੀਰਾਂ
ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਮੀਟਿੰਗ ਦੇਖਭਾਲ ਪ੍ਰਬੰਧ ਲਈ ਨਾਵਾਂ ਨੂੰ ਅੰਤਿਮ ਰੂਪ ਦੇਣ ਅਤੇ ਇਸ ਨੂੰ ਲੈ ਕੇ ਆਮ ਸਹਿਮਤੀ ਬਣਾਉਣ ਲਈ ਹੋਈ ਕਿ ਦੋਵਾਂ ਸਾਂਝੇਦਾਰਾਂ ਦੇ ਅਗਲੀ ਚੋਣ ਜਿੱਤਣ ਦੀ ਸਥਿਤੀ 'ਚ ਕਿਸੇ ਨੂੰ ਕਿਹੜਾ ਮੁੱਖ ਅਹੁਦਾ ਮਿਲੇਗਾ। ਵਰਣਨਯੋਗ ਹੈ ਕਿ ਦੋਵੇਂ ਪਾਰਟੀਆਂ ਇਸ ਸਮੇਂ ਦੇਸ਼ 'ਚ ਸੱਤਾਧਾਰੀ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐੱਮ) 'ਚ ਭਾਈਵਾਲ ਹਨ। ਸਮਾਚਾਰ ਪੱਤਰ ਦੀ ਖ਼ਬਰ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਸੰਘੀ ਸਰਕਾਰ ਦੇ ਦੋ ਮੁੱਖ ਗਠਬੰਧਨ ਭਾਈਵਾਲਾਂ ਦੀ ਚੋਟੀ ਦੀ ਲੀਡਰਸ਼ਿਪ ਦੁਆਰਾ ਯੂਏਈ 'ਚ ਵਿਸਤ੍ਰਿਤ ਸਲਾਹ-ਮਸ਼ਵਰੇ ਤੋਂ ਬਾਅਦ ਅਗਲੀਆਂ ਚੋਣਾਂ ਨੂੰ ਲੈ ਕੇ ਅਨਿਸ਼ਚਿਤਤਾ ਜਲਦ ਹੀ ਖਤਮ ਹੋ ਸਕਦੀ ਹੈ।
ਇਹ ਵੀ ਪੜ੍ਹੋ: 2nd Ashes : ਮੋਇਨ ਅਲੀ ਦੀ ਥਾਂ ਇਸ ਤੇਜ਼ ਗੇਂਦਬਾਜ਼ ਨੂੰ ਮਿਲੀ ਇੰਗਲੈਂਡ ਟੀਮ 'ਚ ਜਗ੍ਹਾ
ਅੰਦਰੂਨੀ ਸੂਤਰਾਂ ਨੇ ਕਿਹਾ ਕਿ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਪੀ.ਐੱਮ.ਐਲ-ਐੱਨ ਦੇ ਨਵਾਜ਼ ਸ਼ਰੀਫ਼ ਅਤੇ ਪੀਪੀਪੀ ਦੇ ਜ਼ਰਦਾਰੀ ਇਨ੍ਹਾਂ ਮੁੱਦਿਆਂ 'ਤੇ "ਹੇਠਲੇ ਪੱਧਰ 'ਤੇ" ਲੰਬੀ ਗੱਲਬਾਤ ਦੀ ਬਜਾਏ "ਸਿੱਧੀ ਗੱਲਬਾਤ" ਕਰਨਗੇ। ਇਸ ਸਮੇਂ ਵੱਡੇ ਸਿਆਸੀ ਅਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਹਾਲ ਹੀ 'ਚ ਚੋਣ ਕਮਿਸ਼ਨ ਦੀ ਮੀਟਿੰਗ ਨਾਲ ਆਮ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੀਡੀਐੱਮ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਚੁਣੌਤੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮੌਜੂਦਾ ਨੈਸ਼ਨਲ ਅਸੈਂਬਲੀ 12 ਅਗਸਤ ਨੂੰ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ ਅਤੇ ਪਾਕਿਸਤਾਨ ਦੇ ਸੰਵਿਧਾਨ ਅਨੁਸਾਰ 60 ਦਿਨਾਂ ਦੇ ਅੰਦਰ ਨਵੀਆਂ ਆਮ ਚੋਣਾਂ ਹੋਣੀਆਂ ਚਾਹੀਦੀਆਂ ਹਨ। ਪੀ.ਐੱਮ.ਐੱਲ-ਐੱਨ ਦੇ ਇੱਕ ਸੂਤਰ ਨੇ ਕਿਹਾ ਕਿ ਸ਼ਰੀਫ਼-ਜ਼ਰਦਾਰੀ ਦੀ ਮੀਟਿੰਗ ਦਾ ਮੁੱਖ ਏਜੰਡਾ ਅਕਤੂਬਰ 'ਚ ਜਾਂ ਉਸ ਤੋਂ ਬਾਅਦ ਚੋਣਾਂ ਸੀ।
ਇਹ ਵੀ ਪੜ੍ਹੋ: Cricket World Cup 2023 ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਹੋਵੇਗਾ ਭਾਰਤ-ਪਾਕਿ ਦਾ ਮਹਾਮੁਕਾਬਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।