ਨਵਾਜ਼ ਸ਼ਰੀਫ ਨੇ ਸਰਕਾਰ ਤੋਂ ਇਮਰਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ
Wednesday, Aug 03, 2022 - 02:52 PM (IST)
ਲੰਡਨ/ਇਸਲਾਮਾਬਾਦ (ਵਾਰਤਾ)– ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਸੁਪਰੀਮੋ ਨਵਾਜ਼ ਸ਼ਰੀਫ ਨੇ ਮੰਗਲਵਾਰ ਨੂੰ ਸੰਘੀ ਸਰਕਾਰ ਤੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਮੁਖੀ ਇਮਰਾਨ ਖ਼ਾਨ ਖ਼ਿਲਾਫ਼ ‘ਤਤਕਾਲ ਕਾਨੂੰਨੀ ਕਾਰਵਾਈ’ ਕਰਨ ਦੀ ਬੇਨਤੀ ਕੀਤੀ ਕਿਉਂਕਿ ਪਾਕਿਸਤਾਨ ਦੀ ਚੋਣ ਕਮਿਸ਼ਨ (ਈ. ਸੀ. ਪੀ.) ਨੇ ਵਿਦੇਸ਼ ਤੋਂ ਮਨੀ ਲਾਂਡਰਿੰਗ ’ਚ ਉਨ੍ਹਾਂ ਦੀ ਪਾਰਟੀ ਖ਼ਿਲਾਫ਼ ਫ਼ੈਸਲਾ ਸੁਣਾਇਆ ਹੈ।
ਸ਼ਰੀਫ ਨੇ ਦੋਸ਼ ਲਗਾਇਆ, ‘‘ਇਹ ਅੱਜ ਸਾਬਿਤ ਹੋ ਗਿਆ ਹੈ ਤੇ ਹੁਣ ਪੂਰਾ ਦੇਸ਼ ਜਾਣਦਾ ਹੈ ਕਿ ਇਮਰਾਨ ਖ਼ਾਨ ਦੇਸ਼ ਦੇ ਇਤਿਹਾਸ ’ਚ ਸਭ ਤੋਂ ਵੱਡਾ ਚੋਰ ਹੈ।’’ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਈ. ਸੀ. ਪੀ. ਨੇ ਆਪਣੇ ਫ਼ੈਸਲੇ ’ਚ ਕਿਹਾ ਕਿ ਪੀ. ਟੀ. ਆਈ. ਨੂੰ ਅਸਲ ’ਚ ਮਨੀ ਲਾਂਡਰਿੰਗ ਤੋਂ ਪੈਸਾ ਹਾਸਲ ਹੋਇਆ ਸੀ। ਈ. ਸੀ. ਪੀ. ਨੇ ਕਿਹਾ ਕਿ ਕਮਿਸ਼ਨ ਦੇ ਸਾਹਮਣੇ ਪਾਰਟੀ ਨੇ ਸਿਰਫ 8 ਖ਼ਾਤੇ ਹੋਣ ਦੀ ਗੱਲ ਕਬੂਲ ਕੀਤੀ ਤੇ 13 ਖ਼ਾਤਿਆਂ ਨੂੰ ਅਣਪਛਾਤੇ ਐਲਾਨ ਕੀਤਾ। ਆਪਣੇ ਹੁਕਮ ’ਚ ਕਮਿਸ਼ਨ ਨੇ ਇਹ ਵੀ ਕਿਹਾ ਕਿ ਇਮਰਾਨ ਖ਼ਾਨ ਪਾਕਿਸਤਾਨੀ ਕਾਨੂੰਨ ਦੇ ਤਹਿਤ ਜ਼ਰੂਰੀ ਰੂਪ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ’ਚ ਨਾਕਾਮ ਰਹੇ।
ਇਹ ਖ਼ਬਰ ਵੀ ਪੜ੍ਹੋ : ਬ੍ਰਿਟਿਸ਼ ਸੰਸਦ 'ਚ ਸਾਰਾਗੜ੍ਹੀ ਦੇ ਸ਼ਹੀਦਾਂ ਤੇ 1947 ਕਤਲੇਆਮ 'ਚ ਮਾਰੇ ਪੰਜਾਬੀਆਂ ਨੂੰ ਯਾਦ ਕਰਨ ਹਿਤ ਸਮਾਗਮ
ਈ. ਸੀ. ਪੀ. ਦਾ ਫ਼ੈਸਲਾ ਆਉਣ ਤੋਂ ਬਾਅਦ ਸ਼ਰੀਫ ਨੇ ਇਥੇ ਸਥਿਤ ਆਪਣੇ ਘਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਾਜ਼ ਨੇ ਕਿਹਾ ਕਿ ਇਮਰਾਨ ਈਮਾਨਦਾਰੀ ਬਾਰੇ ਲੋਕਾਂ ਨੂੰ ਗਿਆਨ ਦਿੰਦੇ ਸਨ। ਉਨ੍ਹਾਂ ਕਿਹਾ, ‘‘ਉਹ ਜਾਣਦਾ ਸੀ ਕਿ ਉਸ ਨੇ ਸਭ ਤੋਂ ਵਡੀ ਮਨੀ ਲਾਂਡਰਿੰਗ ਕੀਤੀ ਹੈ। ਇਹੀ ਕਾਰਨ ਹੈ ਕਿ ਉਹ ਮੁੱਖ ਚੋਣ ਕਮਿਸ਼ਨ ਦੇ ਅਸਤੀਫ਼ੇ ਦੀ ਮੰਗ ਕਰਦੇ ਰਹੇ।’’
ਨਵਾਜ਼ ਨੇ ਦਾਅਵਾ ਕੀਤਾ, ‘‘ਇਮਰਾਨ ਨੇ ਜਿਸ ਤਰ੍ਹਾਂ ਨਾਲ ਵਿਦੇਸ਼ੀ ਨਾਗਰਿਕਾਂ ਤੋਂ ਪੈਸੇ ਲਏ, ਉਸ ਤੋਂ ਸਾਬਿਤ ਹੁੰਦਾ ਹੈ ਕਿ ਉਹ ਅਜਿਹਾ ਵਿਅਕਤੀ ਸੀ, ਜਿਸ ਨੇ ਦੇਸ਼ ’ਚ ਵਿਦੇਸ਼ੀ ਏਜੰਡਾ ਲਿਆਂਦਾ ਸੀ।’’ ਉਨ੍ਹਾਂ ਯਾਦ ਕੀਤਾ ਕਿ ਪੀ. ਐੱਮ. ਐੱਲ.-ਐੱਨ. ਦੇਸ਼ ਨੂੰ ਵਿਕਾਸ ਵੱਲ ਲਿਜਾ ਰਿਹਾ ਸੀ, ਇਸ ਗੱਲ ’ਤੇ ਦੁੱਖ ਪ੍ਰਗਟਾਉਂਦਿਆਂ ਇਮਰਾਨ ਦੇ ਕੰਮਾਂ ਕਾਰਨ ਸਾਰੀਆਂ ਕੋਸ਼ਿਸ਼ਾਂ ਵਿਅਰਥ ਹੋ ਗਈਆਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।